ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/68

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫੭

ਨਹੀਂ ਦਿੰਦਾ। ਪਰ ਜਿਹੜਾ ਗਿਆਨ ਬੱਚਾ ਆਪਣੀਆਂ ਸਮੱਸਿਆਵਾਂ ਨੂੰ ਹਲ ਕਰਨ ਲਈ ਖੋਜ ਕੇ ਪਰਾਪਤ ਕਰਦਾ ਹੈ ਉਹ ਉਸ ਅੰਦਰ ਵੱਸ ਗਿਆ ਹੁੰਦਾ ਹੈ ਅਤੇ ਨਵੀਆਂ ਸਮੱਸਿਆਵਾਂ ਨੂੰ ਹਲ ਕਰਨ ਲਈ ਵੀ ਕੰਮ ਆਉਂਦਾ ਹੈ।

ਬਾਲਕ ਸਿਖਿਆ ਦੇ ਸਮੇਂ ਕਈ ਤਰ੍ਹਾਂ ਦੇ ਕੰਮ ਕਰਦੇ ਹਨ। ਇਹ ਕੰਮ ਸਾਧਾਰਨ ਤੌਰ ਤੇ ਕੀਤੇ ਜਾਂਦੇ ਹਨ ਜਾਂ ਫਿਰ ਸਿਖਿਆ ਦੀ ਲੋੜ ਅਨੁਸਾਰ ਸਾਡੇ ਸਧਾਰਨ ਸਕੂਲਾਂ ਵਿਚ ਬਾਲਕ ਦੇ ਸੁਤੰਤਰ ਸੋਚਨ ਅਤੇ ਆਪਣੇ ਆਪ ਗਲਾਂ ਫੁਰਨ ਲਈ ਕੋਈ ਥਾਂ ਨਹੀਂ। ਇਸਦੇ ਸਿੱਟੇ ਵਜੋਂ ਬੱਚੇ ਨੂੰ ਦੂਸਰੇ ਉਤੇ ਭਰੋਸਾ ਕਰਨ ਦੀ ਆਦਤ ਪੈ ਜਾਂਦੀ ਹੈ ਅਤੇ ਉਸ ਵਿਚ ਸ੍ਵੈ-ਵਿਸ਼ਵਾਸ ਦਾ ਖਾਤਮਾ ਹੋ ਜਾਂਦਾ ਹੈ। ਇਹੋ ਕਾਰਨ ਹੈ ਕਿ ਕਦੇ ਕਦੇ ਅਨਪੜ੍ਹ ਆਦਮੀ ਦੇ ਟਾਕਰੇ ਤੇ ਪੜ੍ਹੇ ਲਿਖੇ ਵਧੇਰੇ ਨਿਕੱਮੇ ਸਿੱਧ ਹੁੰਦੇ ਹਨ। ਉਨ੍ਹਾਂ ਵਿਚ ਆਪਣੇ ਦਿਮਾਗ ਨਾਲ ਸੋਚਨ ਦੀ ਆਦਤ ਨਹੀਂ ਹੁੰਦੀ। ਜਦੋਂ ਬੱਚਾ ਆਪਣੀਆਂ ਸਮੱਸਿਆਵਾਂ ਨੂੰ ਹਲ ਕਰਨ ਦਾ ਰਾਹ ਆਪ ਖੋਜਦਾ ਹੈ ਅਤੇ ਪਾਠਸ਼ਾਲਾ ਦੇ ਅਨੇਕ ਕੰਮਾਂ ਨੂੰ ਸਿਖਿਆ ਦੀ ਸਹਾਇਤਾ ਬਿਨਾ ਆਪਣੇ ਆਪ ਕਰਦਾ ਹੈ ਤਾਂ ਉਸ ਵਿਚ ਸ੍ਵੈ-ਵਿਸ਼ਵਾਸ ਆਉਂਦਾ ਹੈ। ਇਹ ਸ੍ਵੈ-ਵਿਸ਼ਵਾਸ ਜਦ ਆਦਤ ਦਾ ਰੂਪ ਧਾਰਨ ਕਰ ਲੈਂਦਾ ਹੈ ਤਾਂ ਮਨੁਖ ਨਵੀਂ ਹਾਲਤ ਵਿਚ ਪੈ ਜਾਣ ਨਾਲ ਘਬਰਾਉਂਦਾ ਨਹੀਂ, ਉਸ ਨੂੰ ਵਿਸ਼ਵਾਸ ਰਹਿੰਦਾ ਹੈ ਕਿ ਉਹ ਕਿਸੇ ਨਾ ਕਿਸੇ ਤਰ੍ਹਾਂ ਆਪਣੀਆਂ ਸਮੱਸਿਆਵਾਂ ਨੂੰ ਹਲ ਕਰ ਹੀ ਲਵੇਗਾ। ਸ੍ਵੈ-ਵਿਸ਼ਵਾਸ ਪੈਦਾ ਕਰਨਾ ਸਿਖਿਆ ਦੀ ਸਭ ਤੋਂ ਉੱਚੀ ਦੇਣ ਹੈ।

ਅਮਲੀ ਗੁਣਾਂ ਵਿਚ ਵਾਧਾ:- ਡਯੂਵੀ ਨੇ ਬਚਿਆਂ ਨੂੰ ਅਜਿਹੀ ਸਿਖਿਆ ਦੇਣ ਲਈ ਕਿਹਾ ਹੈ ਜਿਸ ਨੂੰ ਉਹ ਆਪ ਲੋੜੀਂਦਾ ਸਮਝਣ, ਅਰਥਾਤ ਜਿਹੜੀ ਉਨ੍ਹਾਂ ਦੀਆਂ ਅਮਲੀ ਔਕੜਾਂ ਨੂੰ ਹਲ ਕਰਨ ਦੇ ਕੰਮ ਆਵੇ। ਇਸ ਤਰ੍ਹਾਂ ਦੀ ਸਿਖਿਆ ਨਾ ਸਿਰਫ ਬਚਿਆਂ ਦੇ ਜੀਵਨ ਲਈ ਲਾਭਦਾਇਕ ਹੁੰਦੀ ਹੈ ਸਗੋਂ ਉਨ੍ਹਾਂ ਨੂੰ ਬਾਲਗ ਉਮਰ ਦੀਆਂ ਜ਼ਿਮੇਵਾਰੀਆਂ ਨੂੰ ਸੰਭਾਲਣ ਲਈ ਵੀ ਤਿਆਰ ਕਰਦੀ ਹੈ। ਜਿਸ ਸਿਖਿਆ ਨਾਲ ਬੱਚੇ ਨੂੰ ਨਾ ਅਮਲੀ ਜੀਵਨ ਵਿਚ ਲਾਭ ਹੋਵੇ ਅਤੇ ਨਾ ਬਾਲਗ ਉਮਰ ਵਿਚ ਕੰਮ ਆਵੇ ਉਹ ਸਿਖਿਆ ਡਯੂਵੀ ਅਨੁਸਾਰ ਬਿਅਰਥ ਮੰਨੀ ਗਈ ਹੈ। ਇਸ ਦ੍ਰਿਸ਼ਟੀ ਨਾਲ ਭਾਰਤ ਵਰਸ਼ ਦੀਆਂ ਮੁਢਲੀਆਂ ਜਮਾਤਾਂ ਵਿਚ ਬਚਿਆਂ ਨੂੰ ਚਾਲਦੀਆਂ, ਅਸੀਰੀਆ, ਅਤੇ ਪ੍ਰਾਚੀਨ ਮਿਸਰ ਦੀਆਂ ਸਭਿਅੱਤਾਵਾਂ ਦੇ ਪਾਠ ਪੜ੍ਹਾਉਣਾ ਵਿਅਰਥ ਹੀ ਨਹੀਂ ਸਗੋਂ ਹਾਨੀ ਕਾਰਕ ਹੈ। ਜਿਨ੍ਹਾਂ ਬਚਿਆਂ ਨੂੰ ਮਾਤ-ਬੋਲੀ ਦਾ ਗਿਆਨ ਨਹੀਂ ਹੈ, ਉਨ੍ਹਾਂ ਨੂੰ ਪੁਰਾਣੀ ਬੋਲੀ ਵਿਚ ਪੰਡਤ ਬਨਾਉਣਾ, ਜਾਂ ਕਿਸੇ ਵਿਦੇਸ਼ੀ ਬੋਲੀ ਵਿਚ ਪਰਬੀਨ ਬਨਾਉਣ ਦਾ ਯਤਨ ਕਰਨਾ, ਉਨ੍ਹਾਂ ਦੇ ਮਾਨਸਿਕ ਵਿਕਾਸ ਨੂੰ ਹਾਨੀ ਪਹੁੰਚਾਉਣਾ ਹੈ। ਅਜਿਹੇ ਬਾਲਗ ਨਿਕੱਮੇ ਨਾਗਰਿਕ ਹੁੰਦੇ ਹਨ। ਉਹ ਆਪਣਾ ਭਾਰ ਆਪ ਨਹੀਂ ਚੁਕ ਸਕਦੇ। ਅਜਿਹੇ ਵਿਅਕਤੀ ਦੂਜਿਆਂ ਉਤੇ ਅਮਰ ਵੇਲ ਵਾਂਗ ਪਲਦੇ ਰਹਿੰਦੇ ਹਨ। ਡਯੂਵੀ ਅਜਿਹੀ ਫਿਲਾਸਫੀ ਅਤੇ ਵਿਗਿਆਨ ਦੀ ਸਿਖਿਆ ਨੂੰ ਵਿਅਰਥ ਮਨਦਾ ਹੈ ਜਿਹੜੀ ਅਮਲੀ ਜੀਵਨ ਵਿਚ ਕੰਮ ਹੀ ਨਾ ਆਵੇ। ਸਾਡੇ ਕਿੰਨੇ ਹੀ ਹੋਣਹਾਰ ਗਭਰੂ ਰਸਾਇਣ ਸ਼ਾਸਤਰ ਦਾ ਪੂਰਨ ਗਿਆਨ ਪ੍ਰਾਪਤ ਕਰ ਲੈਂਦੇ ਹਨ ਪਰ ਉਨ੍ਹਾਂ ਦਾ ਰਸਾਇਣ ਸ਼ਾਸਤਰ ਦਾ ਗਿਆਨ ਉਨ੍ਹਾਂ ਨੂੰ ਰੋਟੀ ਕਮਾਉਣ ਵਿਚ ਕੋਈ ਸਹਾਇਤਾ ਨਹੀਂ ਦਿੰਦਾ। ਇਸੇ ਤਰ੍ਹਾਂ ਕਿੱਨੇ ਹੀ ਡਾਕਟਰ ਪੰਜ ਛੇ ਸਾਲ ਡਾਕਟਰੀ ਸਿਖਿਆ ਲੈ ਕੇ ਵੀ ਸਧਾਰਨ ਰੋਗਾਂ ਦੀ ਪਛਾਣ ਅਤੇ ਉਚਿਤ ਇਲਾਜ ਨਹੀਂ ਕਰ ਸਕਦੇ। ਇਸ ਲਈ ਉਨ੍ਹਾਂ ਨੂੰ ਹੋਰ ਤਜਰਬੇ