ਪੰਨਾ:ਸਿੱਖੀ ਸਿਦਕ.pdf/57

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੭ )

ਇਕ ਝਰਨਾਟ ਤੇ ਜੁੰਬਸ਼ ਫਿਰ ਜਾਂਦੀ ਹੈ। ਧਰਮ ਸ਼ਹੀਦਾਂ ਨੇ ਜਿਥੇ ਸੈਕੜਿਆਂ ਨੂੰ ਮਾਰਕੇ ਸ਼ਹੀਦੀ ਪਾਈ ਹੈ ਉਨ੍ਹਾਂ ਦੇ ਨਾਲ ਹੀ ਸੂਰਬੀਰ ਸਾਹਿਬਜ਼ਾਦਾ ਅਜੀਤ ਸਿੰਘ ਤੇ ਜੁਝਾਰ ਸਿੰਘ ਨੇ ਜ਼ਾਲਮਾਂ ਨੂੰ ਮਾਰ ਮਾਰ ਸਥਰ ਵਿਛਾ ਦਿਤੇ ਤੇ ਆਪ ਟੋਟੇ ਟੋਟੇ ਹੋਕੇ ਗੁਰਬਾਣੀ ਦਾ ਵਾਕ ਸਫਲ ਕਰ ਗਏ।

'ਗਗਨ ਦਮਾਮਾ ਬਾਜਿਓ ਪਰੋ ਨੀਸਾਨੇ ਘਾਹੁ॥
ਖੇਤ ਜੁ ਮਾਡਿਓ ਸੂਰਮਾ ਅਬ ਜੂਝਨ ਕੋ ਦਾਓ॥
ਸੂਰਾ ਸੋ ਪਹਿਚਾਨੀਏ ਜੁ ਲਰੈ ਦੀਨ ਕੇ ਹੇਤ॥
ਪੁਰਜਾ ਪੁਰਜਾ ਕਟ ਮਰੇ ਕਬਹੂੰ ਨ ਛਾਡੇ ਖੇਤ॥

ਸਚੇ ਪਾਤਸ਼ਾਹ ਆਪ ਗੜੀ ਚੋਂ ਬੈਠੇ ਐਸੇ ਮਹਾਭਾਰਤ ਵਾਲੇ ਅਗਨ ਤੀਰ ਚਲਾ ਰਹੇ ਹਨ ਜੋ ਇਕ ਇਕ ਤੀਰ ਸੌ ਸੌ ਸੂਰਮਿਆਂ ਦੀ ਛਾਤੀ ਵਿੰਨ ਵਿੰਨ ਕੇ ਨਿਕਲ ਜਾਂਦਾ ਹੈ।

ਸਾਕਾ

ਸੋਹਣੇ ਬਚੇ ਜਿੰਨਾਂ ਤੇ ਅਜੇ ਚੜ੍ਹੀ ਜਵਾਨੀ।
ਖੰਡੇ ਵਾਹੁੰਦੇ ਜੰਗ ਵਿਚ ਮੁਖੋਂ ਪੜਦੇ ਬਾਣੀ।
ਵਧਦੇ ਅਗੇ ਜਾਣ ਦਲਾਂ ਵਿਚ ਛਾਤੀਆਂ ਤਾਣੀ।
ਵਾਢੀ ਕਰਦਾ ਜਟ ਜਿਵੇਂ ਕਟਦਾ ਕਿਰਸਾਣੀ*।
ਢਹਿਣ ਬਹਾਦਰ ਸੂਰਮੇ ਨਾ ਮੰਗਣ ਪਾਣੀ।
ਕਰਕੇ ਓਹ ਵਿਖਾਲਿਆ ਜੋ ਕਿਹਾ ਜ਼ਬਾਨੀ।
ਟੋਟੇ ਹੋਕੇ ਅੰਤ ਆਪ ਡਿਗੇ ਮੈਦਾਨੀ।
ਜਾਨਾ ਦਿਤੀਆਂ ਵਾਰ ਕਰੀ ਭਾਰੀ ਕੁਰਬਾਨੀ।


  • ਖੇਤੀ।