ਪੰਨਾ:ਸਿੱਖ ਗੁਰੂ ਸਾਹਿਬਾਨ.pdf/100

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰੱਖਣਾ ਹੈ ਧਮਕੀਆਂ ਅੱਗੇ ਨਹੀਂ ਝੁਕਣਾ। ਆਪਣੇ ਧਰਮ ਅਤੇ ਮਰਿਆਦਾ ਨੂੰ ਕੋਈ ਠੇਸ ਨਹੀਂ ਪਹੁੰਚਣੀ ਚਾਹੀਦੀ। ਮਹਿਮਾ ਪ੍ਰਕਾਸ਼ ਵਿੱਚੋਂ ਉਪਰੋਕਤ ਵਿਚਾਰ ਲਿਖੇ ਹੋਏ ਹਨ ਕਿ ਗੁਰੂ ਜੀ ਨੇ ਰਾਮਰਾਇ ਨੂੰ ਹਰ ਤਰ੍ਹਾਂ ਤਿਆਰ ਕਰਕੇ ਮੁਗ਼ਲ ਦਰਬਾਰ ਭੇਜਿਆ ਸੀ।

ਰਾਮ ਰਾਇ ਦੇ ਦਿੱਲੀ ਪਹੁੰਚਣ ਤੇ ਦਰਬਾਰੀਆਂ ਨੇ ਔਰੰਗਜ਼ੇਬ ਨੂੰ ਸੂਚਿਤ ਕੀਤਾ ਕਿ ਗੁਰੂ ਹਰ ਰਾਇ ਆਪ ਨਹੀਂ ਆਏ ਸਗੋਂ ਆਪਣੇ ਪੁੱਤਰ ਨੂੰ ਮੁਗ਼ਲ ਦਰਬਾਰ ਵਿੱਚ ਭੇਜਿਆ ਹੈ। ਇਸ ਲਈ ਉਸ ਤੋਂ ਵੀ ਉਸੇ ਤਰ੍ਹਾਂ ਪੁੱਛ ਗਿੱਛ ਕੀਤੀ ਜਾਵੇ ਜਿਵੇਂ ਕਿ ਉਸਦੇ ਪਿਤਾ ਤੋਂ ਕਰਨੀ ਸੀ। ਬਾਦਸ਼ਾਹ ਨੇ ਫੈਸਲਾ ਕੀਤਾ ਕਿ ਜੇਕਰ ਰਾਮ ਰਾਇ ਦ ਪੇਸ਼ੀ ਵਿੱਚ ਪੁੱਛੇ ਗਏ ਸਵਾਲਾਂ ਤੋਂ ਉਸ ਦੀ ਤਸੱਲੀ ਨਹੀਂ ਹੁੰਦੀ ਤਾਂ ਗੁਰੂ ਜੀ ਨੂੰ ਵੀ ਸੱਦਿਆ ਜਾਵੇਗਾ। ਰਾਮ ਰਾਇ ਨੂੰ ਬਾਦਸ਼ਾਹ ਸਾਹਮਣੇ ਲਿਆਂਦਾ ਗਿਆ।

ਦਿੱਲੀ ਦਰਬਾਰ ਵਿੱਚ ਰਾਮ ਰਾਇ ਨੇ ਕਰਾਮਾਤਾਂ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ। ਮਹਿਮਾ ਪ੍ਰਕਾਸ਼ ਦੇ ਅਨੁਸਾਰ ਬਾਦਸ਼ਾਹ ਨੇ ਉਸ ਨੂੰ ਇੱਕ ਮਹਿੰਗੀ ਅਤੇ ਜ਼ਹਿਰੀਲੀ ਪੁਸ਼ਾਕ ਭੇਟ ਕੀਤੀ। ਜਿਸ ਨਾਲ ਆਦਮੀ ਜੋ ਉਸ ਨੂੰ ਪਹਿਨਦਾ ਸੀ ਖਤਮ ਹੋ ਸਕਦਾ ਸੀ। ਇਹ ਰਾਮ ਰਾਇ ਦੀ ਕਰਾਮਾਤੀ ਸ਼ਕਤੀ ਦੀ ਪਰਖ ਕਰਨ ਲਈ ਕੀਤਾ ਗਿਆ ਕੰਮ ਸੀ। ਰਾਮ ਰਾਇ ਨੇ ਇਸ ਵੱਲ ਦੇਖਿਆ ਤੇ ਕਿਹਾ 'ਜੇਕਰ ਸੱਪ ਨੂੰ ਸੰਦਲ ਦੇ ਦਰੱਖਤ ਨੇੜੇ ਰੱਖ ਦਿੱਤਾ ਜਾਵੇ ਤਾਂ ਸੱਪ ਦੀ ਜ਼ਹਿਰ ਸੰਦਲ ਦੀ ਖੁਸ਼ਬੂ ਨੂੰ ਖਤਮ ਨਹੀਂ ਕਰ ਸਕਦੀ। ਇਸ ਲਈ ਜ਼ਹਿਰਲੀ ਪੁਸ਼ਾਕ ਮੈਨੂੰ ਮਾਰ ਨਹੀਂ ਸਕਦੀ ਸਗੋਂ ਮੈਂ ਇਸ ਦੇ ਜ਼ਹਿਰੀਲੇ ਪਨ ਨੂੰ ਦੂਰ ਕਰ ਸਕਦਾ ਹਾਂ।' ਮੈਕਾਲਿਫ ਦੇ ਅਨੁਸਾਰ ਵੀ ਇੱਕ ਹੋਰ ਸਮੇਂ ਬਾਦਸ਼ਾਹ ਨੇ ਇੱਕ ਖੱਡੇ ਉੱਪਰ ਇੱਕ ਚਟਾਈ ਵਿਛਾ ਦਿੱਤੀ ਤਾਂ ਜੋ ਬੈਠਣ ਸਮੇਂ ਰਾਮ ਰਾਇ ਇਸ ਖੱਡੇ ਵਿੱਚ ਡਿੱਗ ਪਵੇ ਪ੍ਰੰਤੂ ਚਟਾਈ ਆਪਣੀ ਥਾਂ ਤੋਂ ਨਹੀਂ ਹਿੱਲੀ ਅਤੇ ਰਾਮ ਰਾਇ ਜਾਦੂਈ ਢੰਗ ਨਾਲ ਬਚ ਗਿਆ। ਇਸ ਤਰ੍ਹਾਂ ਦਿੱਲੀ ਦਰਬਾਰ ਵਿਚ ਰਾਮ ਰਾਇ ਦੀ ਵਾਹਵਾ ਹੋਣ ਲੱਗੀ ਅਤੇ ਉਸ ਦੀਆਂ ਕਰਾਮਾਤਾਂ ਦੀਆਂ ਗੱਲਾਂ ਹੋਣ ਲੱਗੀਆਂ।

ਹੁਣ ਰਾਮ ਰਾਇ ਇੰਨਾ ਬੇਧਿਆਨਾ ਹੋ ਗਿਆ ਕਿ ਉਸ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਇੱਕ ਤੁਕ ਹੀ ਬਦਲ ਦਿੱਤੀ ਤਾਂ ਕਿ ਬਾਦਸ਼ਾਹ ਨੂੰ ਖੁਸ਼ ਕੀਤਾ ਜਾ ਸਕੇ। ਕਿਹਾ ਜਾਂਦਾ ਹੈ ਕਿ ਬਾਦਸ਼ਾਹ ਨੇ ਰਾਮ ਰਾਏ ਨੂੰ ਆਦਿ ਗ੍ਰੰਥ ਵਿੱਚ ਦਰਜ ਬਾਣੀ ਦੀ ਇੱਕ ਤੁਕ ਦੇ ਅਰਥ ਕਰਨ ਲਈ ਕਿਹਾ ਜੋ ਮੁਸਲਮਾਨਾਂ ਦੇ ਵਿਰੁੱਧ ਸੀ।

100