ਪੰਨਾ:ਸਿੱਖ ਗੁਰੂ ਸਾਹਿਬਾਨ.pdf/104

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਿੱਖਾਂ ਨੂੰ ਖਬਰਦਾਰ ਕੀਤਾ। ਛੋਟੀ ਉਮਰ ਵਿੱਚ ਅਕਾਲ ਚਲਾਣਾ ਕਰਨ ਦਾ ਕਾਰਣ ਕੋਈ ਸਰੀਰਕ ਰੋਗ ਵੀ ਹੋ ਸਕਦਾ ਹੈ।

ਖ਼ਾਸ ਗੱਲ ਇਹ ਹੈ ਕਿ ਇੰਨੀ ਛੋਟੀ ਉਮਰ ਵਿੱਚ ਹੀ ਗੁਰੂ ਜੀ ਨੇ ਬੜੇ ਹੀ ਵੱਡੇ ਕੰਮ ਕੀਤੇ। ਜਿੱਥੇ ਆਪ ਘੁੰਮ ਫਿਰ ਕੇ ਸਿੱਖੀ ਦਾ ਪ੍ਰਚਾਰ ਕੀਤਾ, ਦੂਰ-ਦੂਰ ਤੋਂ ਵੱਡੇ ਘਰਾਣਿਆਂ ਨੂੰ ਸਿੱਖ ਧਰਮ ਵਿੱਚ ਲਿਆਂਦਾ ਉਥੇ ਹਮੇਸ਼ਾ ਸੱਚਾਈ ਤੇ ਨਿਮਰਤਾ ਦਾ ਪੱਲਾ ਫੜੀ ਰੱਖਿਆ, ਲੋਕ ਭਲਾਈ ਦੇ ਕੰਮਾਂ ਵਿੱਚ ਲੱਗੇ ਰਹੇ ਅਤੇ ਭ੍ਰਿਸ਼ਟਾਚਾਰ ਤੇ ਅਨਿਆਂ ਖਿਲਾਫ ਲੜਨ ਲਈ ਸਿੱਖ ਕੌਮ ਨੂੰ ਪ੍ਰੇਰਿਤ ਕੀਤਾ।

ਗੁਰੂ ਜੀ ਦੇ ਨਿਮਰ ਸੁਭਾਅ, ਸੁਹਿਰਦਤਾ ਤੇ ਸਹਿਜ ਕਾਰਣ ਜੋ ਵੀ ਵਿਅਕਤੀ ਉਹਨਾਂ ਦੇ ਸੰਪਰਕ ਵਿੱਚ ਆਉਂਦਾ ਸੀ, ਉਹ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਦਾ ਸੀ। ਗੁਰੂ ਗੋਬਿੰਦ ਸਿੰਘ ਨੇ ਉਹਨਾਂ ਦੇ ਵਿਅਕਤੀਤਵ ਦੀ ਵਡਿਆਈ ਕਰਦੇ ਹੋਏ ਲਿਖਿਆ ਹੈ—

'ਸਿਮਰੋ ਸ੍ਰੀ ਹਰ ਰਾਇ।।'

ਗੁਰੂ ਹਰ ਰਾਇ ਜੀ ਨੇ ਸਿੱਖੀ ਦਾ ਪ੍ਰਚਾਰ ਦੇ ਨਾਲ-ਨਾਲ ਦੁਖੀਆਂ ਤੇ ਬਿਮਾਰਾਂ ਲਈ ਮੁਫਤ ਇਲਾਜ ਦਾ ਪ੍ਰਬੰਧ ਕੀਤਾ। ਜਿੱਥੇ ਬਾਦਸ਼ਾਹ ਤੇ ਕੀ ਦਰਵੇਸ਼, ਅਮੀਰ ਤੇ ਕੀ ਗਰੀਬ ਸਭ ਇਲਾਜ ਕਰਵਾ ਸਕਦੇ ਸਨ। ਸਹਿਜ਼ਾਦਾ ਦਾਰਾ ਸ਼ਿਕੋਹ ਵੀ ਗੁਰੂ ਹਰ ਰਾਇ ਦੇ ਦਵਾਖਾਨੇ ਤੋਂ ਜੜੀ ਬੂਟੀਆਂ ਦੀ ਦਵਾ ਨਾਲ ਹੀ ਠੀਕ ਹੋਇਆ ਸੀ।

ਗੁਰੂ ਜੀ ਨਿਡਰ ਤੇ ਦਲੇਰ ਸ਼ਖਸੀਅਤ ਸਨ। ਜੋ ਵੀ ਸ਼ਰਨ ਵਿੱਚ ਆਇਆ। ਉਸ ਦੀ ਜ਼ਰੂਰ ਮਦਦ ਕੀਤੀ। ਰਾਮ ਰਾਇ ਨੂੰ ਅਯੋਗ ਕਰਾਰ ਦਿੱਤਾ। ਬੇਸ਼ੱਕ ਉਹ ਔਰੰਗਜੇਬ ਦੇ ਸੰਪਰਕ ਵਿੱਚ ਸੀ ਅਤੇ ਮੁਗਲ ਬਾਦਸ਼ਾਹ ਬਹੁਤ ਸ਼ਕਤੀਸ਼ਾਲੀ ਸੀ। ਪਰ ਗੁਰੂ ਜੀ ਅਡੋਲ ਰਹੇ ਅਤੇ ਆਪਣੇ ਧਰਮ ਨਾਲ ਤੇ ਆਤਮਾ ਨਾਲ ਕੋਈ ਸਮਝੌਤਾ ਨਹੀਂ ਕੀਤਾ। ਉਹਨਾਂ ਦੀ ਆਤਮਾ ਹੀ ਉਹਨਾਂ ਦੀ ਸ਼ਕਤੀ ਦਾ ਸੋਮਾ ਸੀ।ਉਹ ਜੋ ਗੱਲ ਦੂਸਰਿਆਂ 'ਤੇ ਲਾਗੂ ਕਰਦੇ ਸਨ, ਪਹਿਲਾਂ ਆਪਣੇ 'ਤੇ ਫੌਜ਼ੀ ਜ਼ਬਤ ਵਾਂਗ ਲਾਗੂ ਕਰਦੇ ਸਨ। ਉਹ ਉਹੀ ਗੱਲ ਮੰਨਦੇ ਸਨ ਜੋ ਉਹਨਾਂ ਦੀ ਅੰਤਰ-ਆਤਮਾ ਮੰਨਦੀ ਸੀ। ਗੁਰੂ ਜੀ ਦੀ ਵਡਿਆਈ ਉਹਨਾਂ ਦੀ ਸੱਚਾਈ ਵਿੱਚ ਸੀ, ਨਿਰਪੱਖਤਾ ਵਿੱਚ ਸੀ ਤੇ ਨਿਰਭੈਤਾ ਵਿੱਚ ਸੀ। ਉਹ ਬਾਦਸ਼ਾਹ ਸਨ, ਦਰਵੇਸ਼ ਸਨ। ਉਹ ਕਮਜ਼ੋਰਾਂ ਅਤੇ ਨਿਆਸਰਿਆਂ ਦੇ ਆਸਰੇ ਤੇ ਸਹਾਰਾ ਵੀ ਬਣੇ। ਉਹਨਾਂ ਨੇ ਜ਼ਿੰਦਗੀ ਭਰ ਕਿਸੇ ਪਸ਼ੂ-ਪੰਛੀ, ਫੁੱਲ-ਬੂਟੇ ਦਾ ਨਿਰਾਦਰ ਨਹੀਂ ਕੀਤਾ, ਉਹਨਾਂ ਨੂੰ ਦੁੱਖ ਨਹੀਂ ਦਿੱਤਾ। ਆਪਣੇ ਧਰਮ ਦੀ ਪਾਲਣਾ ਬੇਖੌਫ ਹੋ ਕੇ ਸੱਚਾਈ ਦੇ ਮਾਰਗ 'ਤੇ ਚੱਲਦਿਆਂ ਕੀਤੀ। ਉਹਨਾਂ ਦਾ ਉੱਚਾ-ਸੁੱਚਾ ਤੇ ਬੇਦਾਗ ਜੀਵਨ ਕਾਲ ਉਹਨਾਂ ਦੀ ਮਹਾਨਤਾ ਦੀ ਸ਼ਾਹਦੀ ਭਰਦਾ ਹੈ।

104