ਪੰਨਾ:ਸਿੱਖ ਗੁਰੂ ਸਾਹਿਬਾਨ.pdf/120

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੋਕਾਂ ਨੂੰ ਦਵਾਈ ਵੀ ਦਿੰਦੇ ਜਿਹੜੀ ਜੜੀ-ਬੂਟੀਆਂ ਤੋਂ ਤਿਆਰ ਕੀਤੀ ਜਾਂਦੀ ਸੀ। ਇਸ ਤੋਂ ਲੋਕਾਂ ਨੇ ਬਹੁਤ ਫਾਇਦਾ ਉਠਾਇਆ ਅਤੇ ਨਿਰੋਗ ਹੋ ਗਏ। ਗੁਰੂ ਦਾ ਜਸ ਦੂਰ-ਦੂਰ ਤੱਕ ਫੈਲ ਗਿਆ ਜਿਸਤੋਂ ਰਾਮ ਰਾਇ ਨੂੰ ਉਸ ਨਾਲ ਈਰਖਾ ਹੋ ਗਈ। ਉਹ ਨਿਰਾਸ਼ ਵੀ ਹੋ ਗਿਆ ਜਦੋਂ ਉਸ ਨੂੰ ਪਤਾ ਲੱਗਿਆ ਕਿ ਕਈ ਵਿਰੋਧੀਆਂ ਦਾ ਵੀ ਗੁਰੂ ਜੀ ਨੇ ਦਿਲ ਜਿੱਤ ਲਿਆ ਹੈ। ਜਿੰਨਾ ਉਹ ਗੁਰੂ ਜੀ ਦਾ ਵਿਰੋਧ ਕਰਦਾ ਉਨਾ ਹੀ ਗੁਰੂ ਦਾ ਜਸ ਫੈਲਦਾ। ਰਾਮ ਰਾਇ ਦੀਆਂ ਕਾਰਵਾਈਆਂ ਤੋਂ ਦੁਖੀ ਸਿੱਖ ਸੰਗਤਾਂ ਵੀ ਗੁਰੂ ਹਰ ਕ੍ਰਿਸ਼ਨ ਜੀ ਕੋਲ ਸ਼ਰਨ ਲੈਂਦੀਆਂ। ਦਿੱਲੀ ਦੇ ਸਿੱਖਾਂ ਨੇ ਰਾਮ ਰਾਇ ਨੂੰ ਗੁਰੂ ਦਾ ਦਰਜਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਉਹ ਉਸਦੀਆਂ ਚਾਲਾਂ ਨੂੰ ਸਮਝ ਗਏ ਸਨ। ਉਹਨਾਂ ਨੇ ਰਾਮ ਰਾਇ ਦੇ ਮਸੰਦਾਂ ਨੂੰ ਵੀ ਮੂੰਹ ਲਾਉਣ ਤੋਂ ਮਨਾ ਕਰ ਦਿੱਤਾ ਸੀ। ਦਿੱਲੀ ਦੇ ਸਿੱਖ ਜਿਸ ਸੱਚੇ ਗੁਰੂ ਦੀ ਭਾਲ ਵਿੱਚ ਸਨ। ਉਹ ਉਹਨਾਂ ਨੂੰ ਗੁਰੂ ਹਰ ਕ੍ਰਿਸ਼ਨ ਦੇ ਰੂਪ ਵਿੱਚ ਮਿਲ ਗਿਆ ਸੀ ਅਤੇ ਆਪਣੇ ਗੁਰੂ ਦੇ ਹਰ ਵਾਕ ਤੇ ਫੁੱਲ ਚੜ੍ਹਾਉਂਦੇ ਸਨ ਅਤੇ ਹਰ ਹੁਕਮ ਦਾ ਪਾਲਣ ਕਰਦੇ ਸਨ।

ਕੁਝ ਵਿਦਵਾਨਾਂ ਨੇ ਇਹ ਵੀ ਲਿਖਿਆ ਹੈ ਕਿ ਦਿੱਲੀ ਵਿੱਚ ਉਸ ਸਮੇਂ ਚੇਚਕ ਨਾਂ ਦੀ ਬਿਮਾਰੀ ਵੀ ਫੈਲ ਗਈ। ਸ਼ਹਿਰ ਦੇ ਇਕ ਪਾਸੇ ਫੈਲੀ ਇਸ ਬਿਮਾਰੀ ਨੇ ਛੇਤੀ ਹੀ ਮਹਾਂਮਾਰੀ ਦਾ ਰੂਪ ਲੈ ਲਿਆ। ਇਸ ਦੂਜੀ ਭਿਆਨਕ ਬਿਮਾਰੀ ਨੇ ਲੋਕਾਂ ਦਾ ਲੱਕ ਤੋੜ ਦਿੱਤਾ। ਬਾਲਾ-ਗੁਰੂ ਨੂੰ ਕਿਹਾ ਗਿਆ ਕਿ ਉਹ ਚੇਚਕ ਨਿਕਲੇ ਲੋਕਾਂ ਦੇ ਨੇੜੇ ਨਾ ਜਾਣ ਕਿਉਂਕਿ ਚੇਚਕ ਇੱਕ ਛੂਤ ਦੀ ਬਿਮਾਰੀ ਹੈ। ਇਸ ਬਿਮਾਰੀ ਵਿੱਚ ਤੇਜ਼ ਬੁਖਾਰ ਹੋ ਕੇ ਸਰੀਰ ਤੇ ਨਿੱਕੇ-ਨਿੱਕੇ ਦਾਣੇ ਨਿਕਲ ਆਉਂਦੇ ਹਨ ਜੋ ਪੀਕ ਭਰੇ ਹੁੰਦੇ ਹਨ। ਇਹ ਬਹੁਤ ਦਰਦ ਕਰਦੇ ਹਨ। ਕੁਝ ਦਿਨਾਂ ਵਿੱਚ ਇਹ ਦਾਣੇ ਸੁੱਕ ਜਾਂਦੇ ਹਨ ਪਰ ਪਿੱਛੇ ਨਿਸ਼ਾਨ ਛੱਡ ਜਾਂਦੇ ਹਨ। ਲਗਭਗ ਚਾਲੀ ਦਿਨ ਇਸ ਰੋਗ ਨਾਲ ਜੂਝਣਾ ਪੈਂਦਾ ਹੈ। ਨਸੀਹਤਾਂ ਦੇਣ ਦੇ ਬਾਵਜੂਦ ਗੁਰੂ ਜੀ ਨਹੀਂ ਰੁਕੇ। ਉਹ ਲੋਕਾਂ ਦੇ ਮਸੀਹੇ ਸਨ। ਉਹ ਲੋਕਾਂ ਵਿੱਚ ਸ਼ਾਂਤੀ ਤੇ ਦਇਆ ਦੇ ਦੂਤ ਬਣਕੇ ਵਿਚਰੇ। ਰੋਗ ਗ੍ਰਸਤ ਲੋਕਾਂ ਨੂੰ ਅਲੱਗ ਰੱਖਿਆ ਗਿਆ ਅਤੇ ਉਹਨਾਂ ਦੀ ਵਧੀਆ ਦੇਖ ਭਾਲ ਕੀਤੀ ਗਈ। ਤਰਲੋਚਨ ਸਿੰਘ ਲਿਖਦੇ ਹਨ ਕਿ ਲੋਕਾਂ ਦਾ ਇਲਾਜ ਕਰਕੇ ਬਾਲਾ ਗੁਰੂ ਸਵਾਰਥ ਰਹਿਤ ਸੇਵਾ ਭਾਵਨਾ ਦੀ ਉੱਚੀ-ਸੁੱਚੀ ਅਤੇ ਚੰਗੀ ਉਦਾਹਰਣ ਪੇਸ਼ ਕਰ ਰਹੇ ਸਨ। ਦੁਖੀ ਲੋਕਾਂ ਦੀ ਆਪਣੀ ਜਾਨ ਜੋਖਮ ਵਿੱਚ ਪਾ ਕੇ ਕੀਤੀ ਗਈ ਸੇਵਾ ਤੋਂ ਚੰਗੀ ਹੋਰ ਕੋਈ ਮਿਸਾਲ ਹੋ ਹੀ ਨਹੀਂ ਸਕਦੀ। ਗੁਰੂ ਜੀ ਨੇ ਤਾਂ ਬੇ-ਸਹਾਰਾ ਤੇ ਬੇਵੱਸ ਲੋਕਾਂ ਦੀ ਸੰਭਾਲ ਦੀ ਜ਼ਿੰਮੇਵਾਰੀ ਆਪਣੇ ਉੱਪਰ ਲੈ ਲਈ ਸੀ। ਉਹਨਾਂ ਨੇ ਸਿੱਖਾਂ ਨੂੰ ਚਿਤਾਇਆ ਕਿ ਪ੍ਰਮਾਤਮਾ ਦੀ ਪ੍ਰਾਪਤੀ ਲਈ ਮਨੁੱਖਤਾ ਦੀ ਨਿਰਸਵਾਰਥ ਸੇਵਾ ਸਭ ਤੋਂ ਉੱਚੀ ਪੂਜਾ ਹੈ।

120