ਪੰਨਾ:ਸਿੱਖ ਗੁਰੂ ਸਾਹਿਬਾਨ.pdf/122

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾ ਤਾਂ ਬਾਦਸ਼ਾਹ ਦੇ ਹੁਕਮ ਦੀ ਅਵੱਗਿਆ ਕਰ ਸਕਦਾ ਹੈ ਅਤੇ ਨਾਂ ਹੀ ਗੁਰੂ ਜੀ ਨੂੰ ਮਜਬੂਰ ਕਰ ਸਕਦਾ ਹੈ ਕਿ ਉਹ ਬਾਦਸ਼ਾਹ ਨੂੰ ਮਿਲ ਲੈਣ। ਮਿਰਜ਼ਾ ਰਾਜਾ ਜੈ ਸਿੰਘ ਨੇ ਪਹਿਲਾਂ ਹੀ ਇਹ ਮਸਲਾ ਦੀਵਾਨ ਦੁਰਗਾ ਮੱਲ, ਭਾਈ ਗੁਰਦਿੱਤਾ, ਭਾਈ ਦਿਆਲ ਦਾਸ, ਨਾਲ ਵਿਚਾਰ ਲਿਆ ਸੀ। ਇਹ ਤਿੰਨ ਪ੍ਰਸਿੱਧ ਸਿੱਖ ਸ਼ਖਸ਼ੀਅਤਾਂ ਗੁਰੂ ਜੀ ਨਾਲ ਕੀਰਤਪੁਰ ਤੋਂ ਆਈਆਂ ਹੋਈਆਂ ਸਨ। ਦੀਵਾਨ ਦੁਰਗਾ ਮੱਲ ਪ੍ਰਬੰਧਕ ਸਨ ਤੇ ਅਰਬੀ ਫ਼ਾਰਸੀ ਦੇ ਵਿਦਵਾਨ ਸਨ ਤੇ ਉਹਨਾਂ ਨੇ ਰਾਜਾ ਨੂੰ ਦੱਸ ਦਿੱਤਾ ਕਿ ਗੁਰੂ ਜੀ ਦਾ ਮਨ ਬਦਲਿਆ ਨਹੀਂ ਜਾ ਸਕਦਾ। ਉਹ ਔਰੰਗਜੇਬ ਨੂੰ ਨਹੀਂ ਮਿਲਣਗੇ। ਇਹ ਉਹਨਾਂ ਦਾ ਆਪਣੇ ਪਿਤਾ ਨਾਲ ਵਾਅਦਾ ਹੈ ਜਿਸ ਨੂੰ ਉਹ ਕਦੇ ਵੀ ਨਹੀਂ ਤੋੜ ਸਕਦੇ। ਸਮੱਸਿਆ ਗੰਭੀਰ ਸੀ। ਗੁਰੂ ਹਰ ਕ੍ਰਿਸ਼ਨ ਜੀ ਸਾਰੀ ਸਥਿਤੀ ਸਮਝ ਗਏ ਸਨ। ਉਹ ਅੰਦਰ ਗਏ ਅਤੇ ਮਾਤਾ ਸੁਲੱਖਣੀ ਨਾਲ ਸਲਾਹ ਮਸ਼ਵਰਾ ਕੀਤਾ। ਮਹਿਮਾ ਪ੍ਰਕਾਸ਼ ਦੇ ਲੇਖਕ ਅਨੁਸਾਰ ਗੁਰੂ ਜੀ ਨੇ ਮਾਤਾ ਨੂੰ ਦੱਸ ਦਿੱਤਾ ਕਿ ਉਹ ਔਰੰਗਜੇਬ ਨੂੰ ਮਿਲਣ ਲਈ ਦਰਬਾਰ ਨਹੀਂ ਜਾਣਗੇ। ਇਹ ਵੀ ਕਿਹਾ ਜਾਂਦਾ ਹੈ ਕਿ ਦੀਵਾਨ ਦੁਰਗਾ ਮੱਲ ਨੇ ਗੁਰੂ ਜੀ ਨੂੰ ਮਸਲੇ ਦਾ ਇੱਕ ਹੱਲ ਵੀ ਦੱਸਿਆ ਕਿ ਉਹਨਾਂ ਨੂੰ ਬਾਦਸ਼ਾਹ ਨੂੰ ਮਿਲਣ ਤੋਂ ਪਹਿਲਾਂ ਹੀ ਦਿੱਲੀ ਤੋਂ ਕੂਚ ਕਰ ਜਾਣਾ ਚਾਹੀਦਾ ਹੈ ਤਾਂ ਕਿ ਇਹ ਨੌਬਤ ਹੀ ਨਾ ਆਵੇ। ਪਰੰਤੂ ਗੁਰੂ ਹਰ ਕ੍ਰਿਸ਼ਨ ਜੀ ਨੇ ਉੱਤਰ ਦਿੱਤਾ ਕਿ ਉਹ ਦਿੱਲੀ ਛੱਡ ਕੇ ਨਹੀਂ ਜਾਣਗੇ। ਉਹ ਤਾਂ ਪ੍ਰਮਾਤਮਾ ਦੀ ਇੱਛਾ ਦਾ ਪਾਲਣ ਕਰਨਗੇ ਬੇਸ਼ੱਕ ਉਹਨਾਂ ਦੀ ਜਾਨ ਚਲੀ ਜਾਵੇ। ਉਹਨਾਂ ਨੇ ਰਾਜਾ ਜੈ ਸਿੰਘ ਦੇ ਫਿਕਰ ਨੂੰ ਭਾਂਪਦਿਆ ਉਸਨੂੰ ਭਰੋਸਾ ਦਿੱਤਾ ਕਿ ਉਹ ਉਹਨਾਂ ਦਾ ਬਾਦਸ਼ਾਹ ਤੋਂ ਕੋਈ ਨੁਕਸਾਨ ਨਹੀਂ ਹੋਣ ਦੇਣਗੇ। ਰਾਜਾ ਨੇ ਡੇਢ ਮਹੀਨਾ ਉਹਨਾਂ ਨੂੰ ਆਪਣੀ ਹਵੇਲੀ ਵਿੱਚ ਰੱਖਿਆ ਹੈ, ਮਾਣ-ਤਾਣ ਬਖਸ਼ਿਆ ਹੈ, ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਹਨ, ਉਹ ਰਾਜਾ ਜੈ ਸਿੰਘ ਜਿਹੇ ਸ਼ਰਧਾਲੂ ਸਿੱਖ ਨੂੰ ਕਿਸੇ ਮੁਸ਼ਕਿਲ ਵਿੱਚ ਨਹੀਂ ਪਾਉਣਾ ਚਾਹੁੰਦੇ। ਪਰ ਉਹ ਬਾਦਸ਼ਾਹ ਦੇ ਡਰ ਨਾਲ ਦਿੱਲੀ ਨਹੀਂ ਛੱਡਣਗੇ।

ਅਗਲੇ ਦੋ ਤਿੰਨ ਦਿਨ ਗੁਰੂ ਹਰ ਕ੍ਰਿਸ਼ਨ ਸ਼ਹਿਰ ਦੇ ਵੱਖ-ਵੱਖ ਭਾਗਾਂ ਵਿੱਚ ਫਿਰ ਤੁਰ ਕੇ ਚੇਚਕ ਦੇ ਰੋਗੀਆਂ ਦਾ ਇਲਾਜ ਕਰਦੇ ਰਹੇ। ਇੱਕ ਦਿਨ ਸਵੇਰੇ ਹੀ ਗੁਰੂ ਹਰ ਕ੍ਰਿਸ਼ਨ ਜੀ ਨੇ ਆਪਣੇ ਦੀਵਾਨ ਦੁਰਗਾ ਮੱਲ ਅਤੇ ਭਾਈ ਗੁਰਦਿੱਤਾ ਆਦੇਸ਼ ਦਿੱਤਾ ਕਿ ਉਹ ਆਪਣੇ ਕਾਫ਼ਲੇ ਦੇ ਠਹਿਰਣ ਲਈ ਕੋਈ ਹੋਰ ਯੋਗ ਥਾਂ ਲੱਭ ਲੈਣ ਕਿਉਂਕਿ ਹੁਣ ਅਸੀਂ ਰਾਜਾ ਜੈ ਸਿੰਘ ਦੀ ਹਵੇਲੀ ਵਿੱਚੋਂ ਚਲੇ ਜਾਣਾ ਹੈ। ਗੁਰੂ ਜੀ ਨੇ ਘੋੜ-ਸਵਾਰ ਹੋ ਕੇ ਆਪ ਜਗਾ ਲੱਭਣ ਲਈ ਕੁੱਝ ਖੇਤਰਾਂ ਦਾ ਮੁਆਇਨਾ ਕੀਤਾ। ਉਹਨਾਂ ਨੇ ਜਮਨਾ ਨਦੀ ਕਿਨਾਰੇ ਨਦੀ ਤੇ ਬਣੇ ਪੁਲ 'ਬਾਰਾਪੁਲਾ' ਕੋਲ ਤਿਲੋਕਹੇੜੀ ਪਿੰਡ ਨੇੜੇ ਇੱਕ ਸ਼ਾਂਤ ਅਤੇ ਸੁਹਾਣੀ ਥਾਂ ਦੀ ਚੋਣ ਕੀਤੀ।

122