ਪੰਨਾ:ਸਿੱਖ ਗੁਰੂ ਸਾਹਿਬਾਨ.pdf/123

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇੱਥੇ ਨੇੜੇ ਹੀ ਰਾਜਾ ਜੈ ਸਿੰਘ ਦੀ ਸੈਨਾ ਦਾ ਕੈਂਪ ਸੀ। ਸੂਰਜ ਪ੍ਰਕਾਸ਼ ਅਨੁਸਾਰ ਖੁਸ਼ ਹੋ ਕੇ ਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਕਿਹਾ ਕਿ ਇਸ ਥਾਂ 'ਤੇ ਤੰਬੂ ਗੱਡ ਦਿੱਤੇ ਜਾਣ। ਇੱਥੇ ਬੜਾ ਹੀ ਦਿਲ ਟੁੰਬਵਾ ਆਲਾ ਦੁਆਲਾ ਸੀ। ਇੱਥੇ ਰਹਿ ਕੇ ਗੁਰੂ ਹਰਕ੍ਰਿਸ਼ਨ ਤੇ ਉਹਨਾਂ ਦੇ ਸਿੱਖ ਅਰਾਮ ਕਰ ਸਕਦੇ ਸਨ, ਕੰਮ ਕਰਨ ਲਈ ਇੱਥੇ ਸ਼ਾਂਤੀ ਅਤੇ ਅਜ਼ਾਦੀ ਵੀ ਸੀ। ਗੁਰੂ ਜੀ ਦੀ ਮਾਤਾ ਸੁਲੱਖਣੀ ਵੀ ਆਪਣੇ ਪੁੱਤਰ ਦੇ ਨਵੇਂ ਲੱਭੇ ਟਿਕਾਣੇ ਵੱਲ ਰਵਾਨਾ ਹੋ ਗਈ। ਇੱਥੇ ਇਹ ਕਹਿਣਾ ਬਿਲਕੁਲ ਦਰੁਸਤ ਹੈ ਕਿ ਇਹ ਇੱਕ ਦਲੇਰੀ ਭਰਿਆ, ਬਹਾਦਰੀ ਭਰਪੂਰ ਅਤੇ ਅਜ਼ਾਦਾਨਾ ਫੈਸਲਾ ਸੀ। ਜਿਸ ਨਾਲ ਗੁਰੂ ਜੀ ਨੇ ਰਾਜਾ ਜੈ ਸਿੰਘ ਦੀ ਰੱਖਿਆ ਛਤਰੀ ਤਿਆਗ ਕੇ ਆਪਣੇ ਬਲ ’ਤੇ ਖੜਾ ਹੋਣਾ ਸੀ। ਉਹਨਾਂ ਔਰੰਗਜੇਬ ਦੀ ਮਿਲਣ ਦੀ ਇੱਛਾ ਦਾ ਸਤਿਕਾਰ ਨਹੀਂ ਕੀਤਾ, ਇਹ ਕਰਦੇ ਹੋਏ ਉਹਨਾਂ ਰਾਜਾ ਜੈ ਸਿੰਘ ਨੂੰ ਉਸਦੀ ਰੱਖਿਆ ਕਰਨ ਦੀ ਜਿੰਮੇਵਾਰੀ ਤੋਂ ਵੀ ਫਾਰਗ ਕਰ ਦਿੱਤਾ ਤਾਂ ਕਿ ਬਾਦਸ਼ਾਹ ਉਸਦੇ ਵਿਰੁੱਧ ਕੋਈ ਤਰਕਹੀਣ ਕਾਰਵਾਈ ਨਾ ਕਰੇ। ਜਿਸ ਥਾਂ 'ਤੇ ਗੁਰੂ ਜੀ ਰਹੇ ਉਥੇ ਹੁਣ ਸੁੰਦਰ ਗੁਰਦੁਆਰਾ 'ਬਾਲਾ ਸਾਹਿਬ' ਹੈ। ਤ੍ਰਿਲੋਚਨ ਸਿੰਘ ਲਿਖਦੇ ਹਨ ਕਿ ਰਾਜਾ ਜੈ ਸਿੰਘ ਦੀ ਰਾਣੀ ਆਨੰਦ ਕੌਰ ਗੁਰੂ ਜੀ ਦੇ ਹਵੇਲੀ ਛੱਡਣ ਦੇ ਅਚਨਚੇਤ ਕੀਤੇ ਫੈਸਲੇ ਕਾਰਨ ਬੇਚੈਨ ਹੋ ਗਈ। ਉਸਨੇ ਮਹਿਸੂਸ ਕੀਤਾ ਕਿ ਕੁਝ ਗਲਤ ਹੋ ਗਿਆ ਹੈ। ਰਾਜਾ ਜੈ ਸਿੰਘ ਇਸ ਸਮੇਂ ਆਪਣੇ ਕੰਮ 'ਤੇ ਨਿਕਲ ਚੁੱਕਿਆ ਸੀ। ਰਾਣੀ ਨੇ ਰਾਜੇ ਨੂੰ ਸਾਰੀ ਗੱਲ ਦੱਸ ਦਿੱਤੀ। ਕਿਹਾ ਜਾਂਦਾ ਹੈ ਕਿ ਰਾਜਾ ਜੈ ਸਿੰਘ ਗੁਰੂ ਜੀ ਕੋਲ ਆਇਆ ਅਤੇ ਖਿਮਾ ਜਾਚਨਾ ਕੀਤੀ। ਜੋ ਕੁਝ ਉਸਨੇ ਪਹਿਲਾਂ ਗੁਰੂ ਜੀ ਨੂੰ ਸੁਨੇਹਾ ਦਿੱਤਾ ਸੀ ਉਸਤੇ ਸ਼ਰਮਸਾਰ ਹੋਇਆ। ਉਸਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਉਹ ਹਵੇਲੀ ਵਾਪਸ ਆ ਜਾਣ। ਰਾਜਾ ਜੈ ਸਿੰਘ ਦੇ ਜ਼ੋਰ ਦੇਣ 'ਤੇ ਗੁਰੂ ਜੀ ਦਾ ਦਿਲ ਪਸੀਜ ਗਿਆ। ਉਹਨਾਂ ਨੇ ਸਹਿਮਤੀ ਦਿੱਤੀ ਕਿ ਰਾਤ ਨੂੰ ਵਿਸ਼ਰਾਮ ਦੇ ਸਮੇਂ ਉਹ ਹਵੇਲੀ ਵਿੱਚ ਰਹਿਣਗੇ ਪਰੰਤੂ ਦਿਨ ਵੇਲੇ ਉਹ ਦਰਿਆ ਜਮਨਾ ਦੇ ਕਿਨਾਰੇ ਹੀ ਖੁੱਲ੍ਹਾ ਦਰਬਾਰ ਲਾਉਣਗੇ।

'ਲਾਈਫ ਆਫ਼ ਗੁਰੂ ਹਰ ਕ੍ਰਿਸ਼ਨ' ਵਿੱਚ ਤਰਲੋਚਨ ਸਿੰਘ ਲਿਖਦੇ ਹਨ ਕਿ ਔਰੰਗਜੇਬ ਨੇ ਰਾਜਾ ਜੈ ਸਿੰਘ ਨੂੰ ਬੁਲਾਇਆ। ਉਹਨਾਂ ਦੇ ਨਾਲ ਦੀਵਾਨ ਦੁਰਗਾ ਮੱਲ ਵੀ ਸੀ। 24 ਮਾਰਚ 1664 ਈ. ਦੇ ਇਸ ਦਿਨ ਬਾਦਸ਼ਾਹ ਨੇ ਦ੍ਰਿੜਤਾ ਨਾਲ ਹੁਕਮ ਕੀਤਾ ਕਿ 26 ਮਾਰਚ 1664 ਦੇ ਦਿਨ ਗੁਰੂ ਹਰ ਕ੍ਰਿਸ਼ਨ ਨੂੰ ਸ਼ਾਹੀ ਦਰਬਾਰ ਵਿੱਚ ਪੇਸ਼ ਹੋਣਾ ਪਵੇਗਾ। ਗੁਰੂ ਜੀ ਨੂੰ ਵੀ ਇਸ ਗੱਲ ਦੀ ਸੂਚਨਾ ਮਿਲ ਗਈ। ਉਹਨਾਂ ਨੇ ਕਿਹਾ 'ਜੋ ਪ੍ਰਮਾਤਮਾ ਕਰੇਗਾ, ਉਹੀ ਹੋਵੇਗਾ।'

ਦੂਸਰੇ ਦਿਨ 25 ਮਾਰਚ 1664 ਈ. ਸਵੇਰੇ ਗੁਰੂ ਜੀ ਨੇ ਵੱਡੀ ਸਿੱਖ ਸੰਗਤ ਨੂੰ ਆਖਰੀ ਸੰਦੇਸ਼ ਦਿੱਤਾ। ਸਾਰੇ ਹਾਜ਼ਰ ਲੋਕਾਂ ਨੂੰ ਹੱਥ ਹਿਲਾ ਕੇ ਅਸ਼ੀਰਵਾਦ

123