ਪੰਨਾ:ਸਿੱਖ ਗੁਰੂ ਸਾਹਿਬਾਨ.pdf/124

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਿੱਤਾ ਤੇ ਐਲਾਨ ਕੀਤਾ ਕਿ ਅਗਲੇ ਪੰਜ ਦਿਨ ਉਹ ਸਮਾਧੀ ਵਿੱਚ ਰਹਿਣਗੇ। ਉਹ ਮਹਿਲ ਦੇ ਅੰਦਰਲੇ ਕਮਰੇ ਵਿੱਚ ਚਲੇ ਗਏ। ਉਹਨਾਂ ਨੇ ਹੁਕਮ ਦਿੱਤਾ ਕਿ ਕੋਈ ਵੀ ਵਿਅਕਤੀ ਉਹਨਾਂ ਨੂੰ ਪ੍ਰੇਸ਼ਾਨ ਨਹੀਂ ਕਰੇਗਾ। ਦਰਸ਼ਕ ਹਾਲ ਵਿੱਚ ਮਾਣਯੋਗ ਸਿੱਖ ਸ਼ਖਸ਼ੀਅਤਾਂ ਦੀ ਦੇਖ-ਰੇਖ ਵਿੱਚ ਕੀਰਤਨ ਚੱਲਦਾ ਰਹੇਗਾ। ਉਹ ਸ਼ਾਮ ਨੂੰ ਹਰ ਰੋਜ਼ ਹਾਲ ਵਿੱਚ ਸੰਗਤਾਂ ਨੂੰ ਅਸ਼ੀਰਵਾਦ ਦੇਣਗੇ।

26 ਮਾਰਚ 1664 ਈ. ਦੇ ਦਿਨ ਬਾਦਸ਼ਾਹ ਨੇ ਗੁਰੂ ਜੀ ਨੂੰ ਦਰਬਾਰ ਵਿੱਚ ਹਾਜ਼ਰ ਹੋਣ ਲਈ ਦਿਨ ਮਿਥਿਆ ਹੋਇਆ ਸੀ। ਰਾਜਾ ਜੈ ਸਿੰਘ ਨੇ ਮੁਗਲ ਸ਼ਾਸ਼ਕ ਨੂੰ ਸੂਚਨਾ ਦਿੱਤੀ ਕਿ ਗੁਰੂ ਜੀ ਨੂੰ ਬੁਖਾਰ ਹੈ ਇਸ ਲਈ ਉਹ ਬਾਦਸ਼ਾਹ ਨੂੰ ਨਹੀਂ ਨੂੰ ਮਿਲ ਸਕਦੇ। 'ਮਹਿਮਾ ਪ੍ਰਕਾਸ਼' ਵਿੱਚ ਲਿਖੇ ਅਨੁਸਾਰ 26 ਮਾਰਚ 1664 ਈ. ਦੇ ਦਿਨ ਤੱਕ ਇਹ ਸਾਫ਼ ਹੋ ਗਿਆ ਸੀ ਕਿ ਗੁਰੂ ਜੀ ਚੇਚਕ ਤੋਂ ਪੀੜਤ ਹਨ। ਬੀਮਾਰਾਂ ਦੀ ਸੇਵਾ ਕਰਨ ਵਾਲੇ ਅਤੇ ਉਹਨਾਂ ਨੂੰ ਠੀਕ ਕਰਨ ਵਾਲੇ ਗੁਰੂ ਜੀ ਨੂੰ ਉਸੇ ਰੋਗ ਨੇ ਘੇਰ ਲਿਆ ਸੀ। ਉਹਨਾਂ ਦੇ ਸ਼ਰੀਰ ਤੇ ਦਾਣੇ ਨਿਕਲ ਆਏ ਸਨ ਅਤੇ ਬੁਖਾਰ ਤੇਜ਼ ਸੀ। ਸਰੀਰ ਕਮਜ਼ੋਰ ਹੋ ਗਿਆ ਸੀ। ਪੋ੍ਫੈਸਰ ਪੂਰਨ ਸਿੰਘ ਆਪਣੀ ਪੁਸਤਕ 'ਦੀ ਬੁੱਕ ਆਫ਼ ਟੈਨ ਮਾਸਟਰਜ਼' ਵਿੱਚ ਲਿਖਦੇ ਹਨ ਕਿ ਗੁਰੂ ਹਰ ਕ੍ਰਿਸ਼ਨ ਜੀ ਦਾ ਇਸ ਤਰਾਂ ਬਿਮਾਰ ਹੋਣਾ ਇੱਕ ਤਰਾਂ ਰੋਸ ਮਾਤਰ ਸੀ। ਗੁਰੂ ਹਰ ਕ੍ਰਿਸ਼ਨ ਗਰੂ-ਪਿਤਾ ਹਰ ਰਾਇ ਦੀ ਤਰਾਂ ਔਰੰਗਜੇਬ ਨੂੰ ਮਿਲਣ ਦੇ ਵਿਰੁੱਧ ਸਨ। ਦਿੱਲੀ ਵਿੱਚ ਰਹਿੰਦਿਆਂ ਵਾਰ- ਵਾਰ ਉਹਨਾਂ ਨੂੰ ਮਿਲਣ ਲਈ ਕਿਹਾ ਗਿਆ। ਆਖਿਰ ਉਹ ਦਿੱਲੀ ਵਿੱਚ ਹੀ ਬਿਮਾਰ ਹੋ ਗਏ। ਸੋ ਇਹ ਬਿਮਾਰੀ ਰੋਸ ਮਾਤਰ ਸੀ।

ਚੇਚਕ ਦੇ ਹਮਲੇ ਦੇ ਪੰਜਵੇਂ ਦਿਨ 30 ਮਾਰਚ 1664 ਈ. ਨੂੰ ਗੁਰੂ ਹਰ ਕ੍ਰਿਸ਼ਨ ਜੀ ਨੇ ਆਪਣੀ ਮਾਤਾ ਸੁਲੱਖਣੀ ਜੀ ਨੂੰ ਸੂਚਿਤ ਕਰਦਿਆਂ ਕਿਹਾ, "ਮੇਰਾ ਅੰਤਿਮ ਸਮਾਂ ਨੇੜੇ ਆ ਗਿਆ ਹੈ। ਮੈਂ ਇਹ ਸਰੀਰ ਛੱਡ ਦੇਵਾਂਗਾ ਅਤੇ ਮੇਰੀ ਆਤਮਾ ਪ੍ਰਮਾਤਮਾ ਨਾਲ ਰੌਸ਼ਨ ਹੋਵੇਗੀ।" ਮਹਿਮਾ ਪ੍ਰਕਾਸ਼ ਵਿੱਚ ਇਹ ਵੀ ਵਰਨਣ ਕੀਤਾ ਗਿਆ ਹੈ ਕਿ ਇਹ ਵਚਨ ਸੁਣਕੇ ਮਾਤਾ ਸੁਲੱਖਣੀ ਜੀ ਬਹੁਤ ਦੁਖੀ ਹੋਏ ਅਤੇ ਸਿੱਖ ਸੰਗਤ ਨੂੰ ਬੁਲਾਇਆ ਕਿ ਉਹ ਗੁਰੂ ਜੀ ਦੇ ਅੰਤਿਮ ਦਰਸ਼ਨ ਕਰ ਲੈਣ। ਉਹਨਾਂ ਨੇ ਸੰਗਤਾਂ ਨੂੰ ਗੁਰੂ ਗਰੰਥ ਸਾਹਿਬ ਦੀ ਓਟ ਲੈਣ ਲਈ ਕਿਹਾ ਤੇ ਨਸੀਹਤ ਦਿੱਤੀ ਕਿ ਬਾਣੀ ਦਾ ਸ਼ੁੱਧ ਹਿਰਦੇ ਨਾਲ ਪਾਠ ਕਰੋ ਅਤੇ ਸ਼ਰਧਾ ਨਾਲ ਆਪਣੀ ਜ਼ਿੰਦਗੀ ਵਿੱਚ ਢਾਲੋ। ਕਿਸੇ ਵੀ ਮੁਸੀਬਤ ਵੇਲੇ ਗੁਰੂ ਗਰੰਥ ਸਾਹਿਬ ਤੁਹਾਡੇ ਸਹਾਈ ਹੋਣਗੇ। ਸਰੀਰ ਸਦਾ ਰਹਿਣ ਵਾਲਾ ਨਹੀਂ ਹੈ। ਪਰ ਗੁਰ ਗੱਦੀ ਅਚੱਲ ਹੈ। ਉਸ ਦਾ ਪ੍ਰਤਾਪ ਕਦੇ ਵੀ ਨਹੀਂ ਘਟੇਗਾ। ਦਿਨੋ ਦਿਨ ਵਧੇਗਾ। ਸਤਿਨਾਮ ਦਾ ਸਿਮਰਨ ਕਰਦੇ ਰਹਿਣਾ। ਸੰਗਤ ਕਰਨਾ ਅਤੇ ਨਿਮਰਤਾ ਭਾਵ ਨਾਲ ਸੰਸਾਰ ਵਿੱਚ ਵਿਚਰਨਾ। ਇਹ ਮਿਠਾਸ ਭਰੇ ਸ਼ਬਦ ਸੁਣ ਕੇ ਸੰਗਤ ਵਿਸਮਾਦ ਵਿੱਚ ਚਲੀ ਗਈ।

124