ਪੰਨਾ:ਸਿੱਖ ਗੁਰੂ ਸਾਹਿਬਾਨ.pdf/128

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼੍ਰੀ ਗੁਰੂ ਤੇਗ਼ ਬਹਾਦਰ ਜੀ

'ਤੇਗ ਬਹਾਦਰ ਸਿਮਰੀਐ ਘਰ ਨੌਂ ਨਿਧ ਆਏ ਧਾਇ।।'

ਅਠਾਰਾਂ ਅਪ੍ਰੈਲ 1622 ਈ. ਨੂੰ ਸਿੱਖਾਂ ਦੇ ਨੌਵੇਂ ਗੁਰੂ ਤੇਗ ਬਹਾਦਰ ਦਾ ਜਨਮ ਅੰਮ੍ਰਿਤਸਰ ਵਿਖੇ ਗੁਰੂ ਕਾ ਮਹੱਲ ਵਿੱਚ ਹੋਇਆ। ਆਪ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਦੇ ਸਭ ਤੋਂ ਛੋਟੇ ਸਪੁੱਤਰ ਸਨ। ਇਹਨਾਂ ਦੀ ਮਾਤਾ ਦਾ ਨਾਂ ਨਾਨਕੀ ਸੀ ਉਹ ਸ਼ੁਰੂ ਤੋਂ ਹੀ ਸ਼ਾਂਤ ਸੁਭਾਅ ਦੇ ਮਾਲਕ ਸਨ ਅਤੇ ਪ੍ਰਮਾਤਮਾ ਦੀ ਭਗਤੀ ਵਿੱਚ ਲੀਨ ਰਹਿੰਦੇ ਸਨ। ਉਹ ਸੰਸਾਰਿਕ ਕੰਮਾਂ ਵਿੱਚ ਦਿਲਚਸਪੀ ਨਹੀਂ ਰੱਖਦੇ ਸਨ। ਪਿਤਾ ਗੁਰੂ ਹਰਗੋਬਿੰਦ ਦੀ ਮੌਤ ਤੋਂ ਬਾਅਦ ਉਹ ਆਪਣੀ ਮਾਤਾ ਨਾਲ 'ਬਕਾਲਾ' ਵਿਖੇ ਰਹਿਣ ਲੱਗੇ ਅਤੇ ਉੱਥੇ ਉਹਨਾਂ ਨੇ ਬਹੁਤ ਸਾਲ ਇਕਾਂਤਵਸ ਜੀਵਨ ਬਤੀਤ ਕੀਤਾ। ਗੁਰੂ ਹਰ ਗੋਬਿੰਦ ਸਾਹਿਬ ਨੇ ਉਹਨਾਂ ਨੂੰ ਬਾਬਾ ਬੁੱਢਾ ਅਤੇ ਭਾਈ ਗੁਰਦਾਸ ਦੀ ਦੇਖ ਰੇਖ ਵਿੱਚ ਪੜਾਈ ਲਈ ਛੱਡ ਦਿੱਤਾ। ਜਿਹਨਾਂ ਨੇ ਸਿੱਖਿਆ ਦੇ ਨਾਲ-ਨਾਲ ਤੇਗ ਬਹਾਦਰ ਨੂੰ ਤੀਰ-ਅੰਦਾਜੀ, ਘੋੜ-ਸਵਾਰੀ ਤੇ ਲੜਾਈ ਦੇ ਗੁਰ ਵੀ ਸਮਝਾਏ। ਗੁਰੂ ਤੇਗ ਬਹਾਦਰ ਨੂੰ ਪੁਰਾਣੀਆਂ ਸਾਖੀਆਂ ਅਤੇ ਗੁਰਬਾਣੀ ਵਿੱਚ ਵੀ ਨਿਪੁੰਨ ਕੀਤਾ ਗਿਆ। ਉਹਨਾਂ ਨੇ ਦੋਹਾਂ ਖੇਤਰਾਂ ਵਿੱਚ ਖ਼ਾਸ ਦਿਲਚਸਪੀ ਦਿਖਾਈ ਅਤੇ ਨਿਪੁੰਨਤਾ ਹਾਸਲ ਕੀਤੀ। ਗੁਰੂ ਤੇਗ ਬਹਾਦਰ ਦੇ ਬਕਾਲਾ ਰਹਿੰਦੇ ਸਮੇਂ ਹੀ ਗੁਰੂ ਹਰ ਰਾਇ ਅਤੇ ਗੁਰੂ ਹਰਕ੍ਰਿਸ਼ਨ ਜੀ ਨੂੰ ਗੁਰੂਆਈ ਮਿਲ ਚੁੱਕੀ ਸੀ ਪਰ ਗੁਰੂ ਤੇਗ ਬਹਾਦਰ ਨੇ ਗੁਰਗੱਦੀ ਲੈਣ ਵਿੱਚ ਵੀ ਕੋਈ ਉਤਸ਼ਾਹ ਨਹੀਂ ਦਿਖਾਇਆ।

ਗੁਰੂ ਤੇਗ ਬਹਾਦਰ ਜੀ ਦੀ ਸ਼ਾਦੀ ਮਾਤਾ ਗੁਜਰੀ ਜੀ ਨਾਲ ਹੋਈ। ਉਹ ਕਰਤਾਰਪੁਰ ਦੇ ਰਹਿਣ ਵਾਲੇ ਲਾਲਚੰਦ ਖੱਤਰੀ ਦੀ ਧੀ ਸਨ। ਉਸ ਸਮੇਂ ਗੁਰੂ ਜੀ ਦੀ ਉਮਰ ਗਿਆਰਾਂ ਸਾਲ ਸੀ। ਸ਼ਾਦੀ ਤੋਂ ਬਹੁਤ ਸਮਾਂ ਬਾਅਦ 1666 ਈ. ਨੂੰ ਉਹਨਾਂ ਦੇ ਘਰ ਬਾਲ ਗੋਬਿੰਦ ਦਾ ਜਨਮ ਹੋਇਆ ਜੋ ਸਿੱਖ ਧਰਮ ਦੇ ਦਸਵੇਂ ਗੁਰੂ ਬਣੇ।

ਗੁਰੂ ਹਰ ਕ੍ਰਿਸ਼ਨ ਜੀ ਅੱਠਵੇਂ ਸਿੱਖ ਗੁਰੂ ਜੀ ਛੋਟੀ ਉਮਰ ਵਿੱਚ ਹੀ ਅਕਾਲ ਚਲਾਣਾ ਕਰ ਗਏ ਸਨ। ਉਹਨਾਂ ਨੇ ਅਗਲੇ ਵਾਰਸ ਲਈ ਸਿਰਫ਼ ਇਸ਼ਾਰਾ ਹੀ ਕੀਤਾ ਅਤੇ ਕਿਹਾ, 'ਬਾਬਾ ਬਕਾਲੇ'। ਸਿੱਖਾਂ ਲਈ ਇਹ ਇਸ਼ਾਰਾ ਸਮਝਣਾ ਮੁਸ਼ਕਿਲ ਹੋ ਗਿਆ ਸੀ ਕਿਉਂਕਿ ਸੋਢੀ ਖਾਨਦਾਨ ਵਿੱਚੋਂ 22 ਜਣੇ ਆਪਣੇ ਆਪ ਗੁਰੂ ਬਣ

128