ਪੰਨਾ:ਸਿੱਖ ਗੁਰੂ ਸਾਹਿਬਾਨ.pdf/129

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੈਠੇ ਅਤੇ ਸਿੱਖਾਂ ਤੋਂ ਚੜਾਵਾ ਲੈਣ ਲੱਗੇ। ਕੁੱਝ ਸਿਆਣੇ ਸਿੱਖਾਂ ਨੇ ਮਸਲੇ ਦਾ ਹੱਲ ਕੱਢਿਆ। ਗੁਰੂ ਤੇਗ ਬਹਾਦਰ ਗੁਰੂ ਹਰ ਕ੍ਰਿਸ਼ਨ ਦੇ ਬਾਬਾ ਜੀ ਸਨ, ਇਸ ਲਈ ਬਾਲ-ਗੁਰੂ ਦਾ ਇਸ਼ਾਰਾ ਉਹਨਾਂ ਵੱਲ ਹੀ ਸੀ। ਉਹ ਮੱਖਣ ਸ਼ਾਹ ਲੁਬਾਣਾ ਦੀ ਅਗਵਾਈ ਵਿੱਚ ਗੁਰੂ ਤੇਗ ਬਹਾਦਰ ਕੋਲ 'ਬਕਾਲਾ' ਗਏ ਤੇ ਉਹਨਾਂ ਨੂੰ ਗੁਰਗੱਦੀ ਗ੍ਰਹਿਣ ਕਰਨ ਲਈ ਕਿਹਾ। ਪਰ ਗੁਰੂ ਜੀ ਨੂੰ ਸੰਸਾਰਿਕ ਖੁਸ਼ੀਆਂ ਨਾਲ ਕੋਈ ਮੋਹ ਨਹੀਂ ਸੀ, ਉਹ ਇਹਨਾਂ ਖੁਸ਼ੀਆਂ ਨੂੰ ਛਲਾਵਾ ਸਮਝਦੇ ਸਨ। ਉਹਨਾਂ ਦਾ ਵਿਚਾਰ ਸੀ ਕਿ ਇਹ ਚੀਜ਼ਾਂ ਦੁੱਖ ਤਕਲੀਫਾਂ ਹੀ ਦਿੰਦੀਆਂ ਹਨ। ਉਹ ਗੰਭੀਰ ਮੁਦਰਾ ਵਿੱਚ ਰਹਿੰਦੇ ਅਤੇ ਸਮਾਧੀ ਵਿੱਚ ਲੀਨ ਹੋ ਜਾਂਦੇ। ਗੁਰੂ-ਪਿਤਾ ਨੂੰ ਇੱਕ ਵਾਰ ਗੁਰੂ-ਮਾਤਾ ਨੇ ਤੇਗ ਬਹਾਦਰ ਦੇ ਇਸ ਸੁਭਾਅ ਬਾਰੇ ਚਿੰਤਾ ਵੀ ਜ਼ਾਹਰ ਕੀਤੀ ਸੀ। ਗੁਰੂ ਜੀ ਨੇ ਦੱਸਿਆ ਸੀ ਕਿ ਤੇਗ ਬਹਾਦਰ ਵੱਡੇ ਅਧਿਆਤਮਕ ਤੇ ਧਾਰਮਕ ਗੁਰੂ ਬਣਨਗੇ ਤੇ ਲੋੜ ਪੈਣ 'ਤੇ ਧਰਮ ਲਈ ਜੀਵਨ ਵੀ ਕੁਰਬਾਨ ਕਰ ਦੇਣਗੇ। ਭਾਈ ਮੱਖਣ ਸ਼ਾਹ, ਗੁਰੂ ਮਾਤਾ ਤੇ ਹੋਰ ਸਿੱਖਾਂ ਦੇ ਜ਼ੋਰ ਪਾਉਣ 'ਤੇ ਗੁਰੂ ਤੇਗ ਬਹਾਦਰ ਤੇ ਜੀ ਨੇ ਗੁਰਗੱਦੀ ਲੈਣੀ ਸਵੀਕਾਰ ਕਰ ਲਈ ਉਸ ਵੇਲੇ ਉਹਨਾਂ ਦੀ ਉਮਰ 44 ਸਾਲ ਸੀ। ਗੁਰੂ ਜੀ ਦੀ ਚੋਣ ਕਰਕੇ ਗੁਰਗੱਦੀ ਤੇ ਬਿਠਾਉਣ ਕਰਕੇ ਸਿੱਖ ਸੰਗਤਾਂ ਅਨੰਦਮਈ ਅਵਸਥਾ ਵਿੱਚ ਆ ਗਈਆਂ। ਮੱਖਣ ਸ਼ਾਹ ਨੇ ਉੱਚੀ ਆਵਾਜ਼ ਵਿੱਚ ਕਿਹਾ, 'ਗੁਰੂ ਲਾਧੋ ਰੇ, ਗੁਰੂ ਲਾਧੋ ਰੇ'।

ਧੀਰਮੱਲ ਦੇ ਵਿਰੋਧ ਕਰਨ ਤੇ ਗੁਰੂ ਤੇਗ ਬਹਾਦਰ ਅੰਮ੍ਰਿਤਸਰ ਚਲੇ ਗਏ। ਇਥੇ ਵੀ ਪ੍ਰਿਥੀ ਚੰਦ ਦੇ ਵਾਰਸਾਂ ਅਤੇ ਕੁੱਝ ਭ੍ਰਿਸ਼ਟ ਮਸੰਦਾਂ ਨੇ ਮਿਲਕੇ ਗੁਰੂ ਜੀ ਨੂੰ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਨਾ ਦਿੱਤੇ। ਉਹ ਕੁਝ ਸਮਾਂ ਕਰਤਾਰਪੁਰ ਰਹੇ ਜਿੱਥੇ ਉਹਨਾਂ ਨੇ ਇੱਕ ਕਿਲੇ ਦੀ ਉਸਾਰੀ ਕਰਵਾਈ। ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਆਉਣ ਲੱਗੀਆਂ। ਗੁਰੂ ਜੀ ਭਗਤੀ ਦੇ ਨਾਲ-ਨਾਲ ਦਰਬਾਰ ਵੀ ਲਾਉਂਦੇ ਅਤੇ ਸਿੱਖਾਂ ਨੂੰ ਗੁਰਬਾਣੀ ਦੀ ਦਾਤ ਵੀ ਬਖਸ਼ਦੇ। ਗੁਰੂ ਜੀ ਕੀਰਤਪੁਰ ਜਾ ਕੇ ਰਹਿਣਾ ਚਾਹੁੰਦੇ ਸਨ। ਪਰ ਇੱਥੇ ਮਾਹੌਲ ਸੁਖਾਵਾਂ ਨਹੀਂ ਸੀ। ਸੋਢੀਆਂ ਦੇ ਵਿਰੋਧ ਕਾਰਨ ਕੀਰਤਪੁਰ ਰਹਿਣਾ ਝਮੇਲੇ ਵਿੱਚ ਪੈਣਾ ਸੀ ਜਦਕਿ ਇਹ ਗੁਰੂ ਜੀ ਦੇ ਸੁਭਾਅ ਦੇ ਅਨੁਕੂਲ ਨਹੀਂ ਸੀ।

ਗੁਰੂ ਤੇਗ ਬਹਾਦਰ ਨੇ ਕਹਿਲੂਰ ਦੇ ਰਾਜਾ ਤੋਂ ਜ਼ਮੀਨ ਖਰੀਦੀ ਅਤੇ ਕੀਰਤਰਪੁਰ ਤੋਂ ਛੇ ਕਿਲੋਮੀਟਰ ਦੀ ਦੂਰੀ 'ਤੇ 'ਅਨੰਦਪੁਰ’ ਨਾਂ ਦਾ ਸ਼ਹਿਰ ਵਸਾਇਆ। ਸ਼ਹਿਰ ਦੀ ਉਸਾਰੀ ਲਈ ਸਿੱਖ ਸੰਗਤਾਂ ਦੂਰੋਂ ਨੇੜਿਓ ਇੱਥੇ ਆ ਕੇ ਯੋਗਦਾਨ ਪਾਉਣ ਲੱਗੀਆਂ। ਸਿੱਖ ਅਨੰਦਪੁਰ ਸਾਹਿਬ ਵਿਖੇ ਬਸੇਰੇ ਬਣਾ ਕੇ ਰਹਿਣ ਲੱਗੇ। ਥੋੜੇ ਸਮੇਂ ਬਾਅਦ ਉਹ ਸੰਗਤਾਂ ਨੂੰ ਉਪਦੇਸ਼ ਦਿੰਦੇ ਹੋਏ ਦਿੱਲੀ ਪਹੁੰਚੇ। ਇੱਥੇ ਦੀਆਂ ਸਿੱਖ ਸੰਗਤਾਂ ਬਹੁਤ ਖੁਸ਼ ਹੋਈਆਂ। ਔਰੰਗਜੇਬ ਦੇ ਦਰਬਾਰੀ ਰਾਜਾ ਜੈ ਸਿੰਘ ਤੇ ਕੰਵਰ

129