ਪੰਨਾ:ਸਿੱਖ ਗੁਰੂ ਸਾਹਿਬਾਨ.pdf/145

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਲ ਰਾਬਤਾ ਕੀਤਾ ਅਤੇ ਆਪਣੇ ਬਚਾਅ ਲਈ ਤਿਆਰੀ ਕੀਤੀ। ਮੁਗਲ ਸੈਨਾ ਅਜੇ ਵੀ ਉਨ੍ਹਾਂ ਦਾ ਪਿੱਛਾ ਕਰ ਰਹੀ ਸੀ। ਖਿਦਰਾਣੇ ਦੀ ਢਾਬ ਕੋਲ ਉਨ੍ਹਾਂ ਕੋਲ ਕੁਝ ਫ਼ੌਜ ਇਕੱਠੀ ਹੋ ਗਈ ਸੀ। ਗੁਰੂ ਜੀ ਨੂੰ ਅਨੰਦਪੁਰ ਸਾਹਿਬ ਵਿਖੇ ਜਿਹਨਾ ਚਾਲੀ ਸਿੰਘਾਂ ਨੇ ਬੇਦਾਵਾ ਲਿਖ ਕੇ ਵਾਪਸੀ ਕਰ ਲਈ ਸੀ। ਉਹ ਮਾਈ ਭਾਗੋ ਦੀ ਅਗਵਾਈ ਵਿੱਚ ਗੁਰੂ ਜੀ ਦੀ ਮਦਦ ਲਈ ਇੱਥੇ ਪਹੁੰਚ ਗਏ ਸਨ। ਘਰ ਪਹੁੰਚਣ ਤੇ ਲੋਕਾਂ ਨੇ ਅਤੇ ਉਨ੍ਹਾਂ ਸਿੱਖਾਂ ਦੀਆਂ ਘਰਵਾਲੀਆਂ ਨੇ ਬਹੁਤ ਨਾਰਾਜਗੀ ਜਾਹਰ ਕੀਤੀ ਸੀ। ਗੁਰੂ ਜੀ ਨੇ ਇਸ ਸਮੇਂ ਇੱਕ ਟਿੱਬੀ ਤੇ, ਜੋ ਜੰਗ ਦੇ ਮੈਦਾਨ ਤੋਂ ਥੋੜ੍ਹੀ ਪਰ੍ਹੇ ਸੀ, ਬੈਠ ਕੇ ਮੁਗਲ ਸੈਨਾ ਦੇ ਹਮਲੇ ਦਾ ਜਵਾਬ ਆਪਣੇ ਤੀਰਾਂ ਨਾਲ ਦਿੱਤਾ। ਗਹਿਗੱਚ ਲੜਾਈ ਹੋਈ ਬੇਦਾਵਾ ਲਿਖਣ ਵਾਲੇ ਚਾਲੀ ਸਿੰਘਾਂ ਅਤੇ ਮਾਈ ਭਾਗੋ ਨੇ ਡੱਟ ਕੇ ਮੁਗਲ ਸੈਨਾ ਦਾ ਟਾਕਰਾ ਕੀਤਾ। ਉਸ ਸਮੇਂ ਗਰਮੀ ਦੀ ਰੁੱਤ ਸੀ ਅਤੇ ਇਸ ਇਲਾਕੇ ਵਿੱਚ ਪਾਣੀ ਦੀ ਭਾਰੀ ਥੁੜ੍ਹ ਸੀ। ਪਾਣੀ ਦਾ ਇਕੋ ਇਕ ਸੋਮਾ ਇਹ ਢਾਬ ਹੀ ਸੀ ਜਿਸ ਤੇ ਸਿੰਘਾਂ ਨੇ ਕਬਜ਼ਾ ਕੀਤਾ ਹੋਇਆ ਸੀ। ਮੁਗਲ ਸੈਨਾ ਭਾਵੇਂ ਗਿਣਤੀ ਵਿੱਚ ਬਹੁਤ ਜ਼ਿਆਦਾ ਸੀ। ਪਰ ਭੁੱਖੇ ਪਿਆਸੇ ਕਿੰਨਾ ਚਿਰ ਉਹ ਇਨ੍ਹਾਂ ਮਰਜੀਵੜਿਆਂ ਦਾ ਮੁਕਾਬਲਾ ਕਰਦੇ। ਮੁਗ਼ਲ ਸੈਨਾ ਬੇਵੱਸ ਸੀ ਉਨ੍ਹਾਂ ਦਾ ਕਾਫੀ ਨੁਕਸਾਨ ਹੋ ਚੁੱਕਿਆ ਸੀ ਸੈਨਾ ਵਾਪਸ ਚਲੀ ਗਈ। ਪਰ ਇਸ ਬੇਮੇਚੇ ਯੁੱਧ ਵਿੱਚ ਗੁਰੂ ਜੀ ਦੇ ਚਾਲੀ ਸਿੱਖ ਵੀ ਸ਼ਹੀਦ ਹੋ ਗਏ। ਜਦੋਂ ਗੁਰੂ ਜੀ ਨੂੰ ਉਹਨਾਂ ਦੀ ਸ਼ਹੀਦੀ ਦਾ ਪਤਾ ਲੱਗਿਆ ਤਾਂ ਉਹ ਉਹਨਾਂ ਦੇ ਕੋਲ ਆਏ। ਉਨ੍ਹਾਂ ਸਿੰਘਾਂ ਵਿੱਚ ਭਾਈ ਮਹਾਂ ਸਿੰਘ ਅਜੇ ਸਹਿਕਦਾ ਸੀ, ਗੁਰੂ ਜੀ ਨੇ ਉਸ ਦਾ ਸਿਰ ਆਪਣੀ ਗੋਦ ਵਿੱਚ ਰੱਖਿਆ ਤੇ ਦਸ ਹਜ਼ਾਰੀ ਦਾ ਖਿਤਾਬ ਦਿੱਤਾ ਤੇ ਪਾਣੀ ਪਿਲਾਇਆ। ਮਹਾਂ ਸਿੰਘ ਨੇ ਗੁਰੂ ਜੀ ਨੂੰ ਬੇਦਾਵਾ ਪਾੜਨ ਲਈ ਕਿਹਾ। ਗੁਰੂ ਜੀ ਨੇ ਆਪਣੇ ਕਮਰਕੱਸੇ ਵਿੱਚੋਂ ਬੇਦਾਵਾ ਕੱਢ ਕੇ ਮਹਾਂ ਸਿੰਘ ਦੇ ਸਾਹਮਣੇ ਹੀ ਟੁਕੜੇ ਟੁਕੜੇ ਕਰ ਦਿੱਤਾ। ਇਹ ਦੇਖਦੇ ਹੀ ਮਹਾਂ ਸਿੰਘ ਸ਼ਾਂਤੀ ਨਾਲ ਸਦਾ ਦੀ ਨੀਂਦ ਸੌਂ ਗਿਆ। ਚਾਲ੍ਹੀ ਮੁਕਤਿਆਂ ਦੀ ਇਸ ਧਰਤੀ ਦਾ ਨਾਮ ਮੁਕਤਸਰ ਰੱਖ ਦਿੱਤਾ ਗਿਆ। ਇਹ ਇਤਿਹਾਸਕ ਸ਼ਹਿਰ ਅੱਜ ਘੁੱਗ ਵੱਸਦਾ ਹੈ।

ਇਸ ਸਮੇਂ ਤੱਕ ਜ਼ਫ਼ਰਨਾਮਾ ਖ਼ਤ ਬਾਦਸ਼ਾਹ ਕੋਲ ਪਹੁੰਚ ਗਿਆ ਸੀ। ਉਸ ਨੂੰ ਖ਼ਤ ਪੜ੍ਹ ਕੇ ਬਹੁਤ ਦੁੱਖ ਹੋਇਆ। ਉਸ ਨੇ ਗੁਰੂ ਜੀ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ। ਇਸ ਸਮੇਂ ਉਹ ਦੱਖਣ ਵਿੱਚ ਸੀ ਅਤੇ ਇੱਥੇ ਹੀ ਗੁਰੂ ਜੀ ਨੂੰ ਮਿਲਣ ਤੋਂ ਪਹਿਲਾਂ ਉਸਦਾ 1707 ਈਸਵੀ ਵਿੱਚ ਦਿਹਾਂਤ ਹੋ ਗਿਆ।

ਮੁਕਤਸਰ ਤੋਂ ਚੱਲ ਕੇ ਗੁਰੂ ਜੀ ਤਲਵੰਡੀ ਸਾਬੋ ਬਠਿੰਡਾ ਪਹੁੰਚੇ। ਜਿਸ ਨੂੰ ਅੱਜ ਕੱਲ੍ਹ ਦਮਦਮਾ ਸਾਹਿਬ ਕਿਹਾ ਜਾਂਦਾ ਹੈ ਕਿਉਂਕਿ ਇਸ ਥਾਂ ਤੇ ਪਹੁੰਚ ਕੇ ਗੁਰੂ ਜੀ ਨੇ ਦਮ ਜਾਂ ਆਰਾਮ ਲਿਆ ਸੀ। ਇੱਥੇ ਬੈਠ ਕੇ ਉਨ੍ਹਾਂ ਨੇ ਵੱਡੇ ਵੱਡੇ

145