ਪੰਨਾ:ਸਿੱਖ ਗੁਰੂ ਸਾਹਿਬਾਨ.pdf/146

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਹਿਤਕ ਕੰਮ ਕੀਤੇ, ਭਾਈ ਡੱਲੇ ਨਾਲ ਕਥਾ ਵਾਰਤਾ ਕੀਤੀ ਅਤੇ ਮਹਾਨ ਵਿਦਵਾਨ ਭਾਈ ਮਨੀ ਸਿੰਘ ਤੋਂ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਮਕੰਮਲ ਕਰਵਾਈ। ਗੁਰੂ ਤੇਗ਼ ਬਹਾਦਰ ਜੀ ਦੇ ਸਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਿਲ ਕੀਤਾ, ਪਰ ਆਪਣੀ ਕੋਈ ਵੀ ਰਚਨਾ ਇਸ ਵਿੱਚ ਸ਼ਾਮਿਲ ਨਹੀਂ ਕੀਤੀ। ਇੱਥੇ ਹੀ ਗੁਰੂ ਮਹਿਲ ਮਾਤਾ ਜੀਤੋ ਜੀ ਨੇ ਸਾਹਿਬਜ਼ਾਦਿਆਂ ਬਾਰੇ ਪੁੱਛਿਆ ਤਾਂ ਗੁਰੂ ਜੀ ਨੇ ਕਿਹਾ-

'ਇਨ ਪੁਤਰਨ ਕੇ ਕਾਰਨੇ ਵਾਰ ਦੀਏ ਸੁਤ ਚਾਰ
ਚਾਰ ਮੂਏ ਤੋ ਕਿਆ ਹੂਆ, ਜੀਵਤ ਕਈ ਹਜ਼ਾਰ।।'

ਔਰੰਗਜ਼ੇਬ ਦੀ ਮੌਤ ਤੋਂ ਬਾਅਦ ਉਸ ਦੇ ਪੁੱਤਰਾਂ ਵਿੱਚ ਖਾਨਾਜੰਗੀ ਹੋ ਸ਼ੁਰੂ ਗਈ। ਬਹਾਦਰ ਸਾਹ ਔਰੰਗਜ਼ੇਬ ਦਾ ਪੁੱਤਰ ਗੁਰੂ ਜੀ ਦਾ ਮਿੱਤਰ ਬਣ ਗਿਆ ਸੀ। ਉਸ ਦੀ ਗੁਰੂ ਜੀ ਨੇ ਗੱਦੀ ਦਿਵਾਉਣ ਵਿੱਚ ਮਦਦ ਕੀਤੀ ਉਸ ਦੇ ਨਾਲ ਉਹ ਦੱਖਣ ਵੱਲ ਚਲੇ ਗਏ। ਇੱਥੇ ਗੋਦਾਵਰੀ ਨਦੀ ਦੇ ਕੰਢੇ ਨਾਂਦੇੜ ਅਬਚਲ ਨਗਰ ਟਿਕਾਣਾ ਕੀਤਾ। ਇੱਥੇ ਲਛਮਣ ਦਾਸ ਨਾਂ ਦਾ ਇੱਕ ਵੈਰਾਗੀ ਸਾਧੂ ਸੀ ਜੋ ਜਾਦੂ-ਟੂਣੇ ਅਤੇ ਗੈਬੀ ਸ਼ਕਤੀਆਂ ਵਿੱਚ ਵਿਸ਼ਵਾਸ ਰੱਖਦਾ ਸੀ। ਗੁਰੂ ਜੀ ਨੇ ਉਸ ਨੂੰ ਇਨ੍ਹਾਂ ਕਰਮਾਂ ਕਾਂਡਾਂ ਵਿੱਚੋਂ ਕੱਢ ਕੇ ਅੰਮ੍ਰਿਤ ਛਕਾਇਆ ਤੇ ਬੰਦਾ ਸਿੰਘ ਬਹਾਦਰ ਦਾ ਨਾਂ ਦੇ ਕੇ ਵਜ਼ੀਰ ਖਾਨ ਤੋਂ ਬਦਲਾ ਲੈਣ ਲਈ ਪੰਜਾਬ ਭੇਜਿਆ। ਗੁਰੂ ਜੀ ਨੇ ਉਸ ਨੂੰ ਉਸ ਦੀਆਂ ਸ਼ਕਤੀਆਂ ਦੀ ਸਹੀ ਵਰਤੋਂ ਕਰਨ ਅਤੇ ਉਸ ਦਾ ਅਸਲ ਮਕਸਦ ਸਮਝਾਇਆ ਅਤੇ ਸਿੱਖ ਫ਼ੌਜ ਇਕੱਠੀ ਕਰਕੇ ਸਰਹਿੰਦ ਦੇ ਨਵਾਬ ਨੂੰ ਸਜ਼ਾ ਦੇਣ ਲਈ ਕਿਹਾ।

ਨਾਂਦੇੜ ਵਿਖੇ ਸਰਹਿੰਦ ਦੇ ਨਵਾਬ ਵਜ਼ੀਰ ਖ਼ਾਨ ਦੇ ਭੇਜੇ ਹੋਏ ਦੋ ਸੈਨਿਕਾਂ ਨੇ ਗੁਰੂ ਜੀ ਤੇ ਹਮਲਾ ਕਰ ਦਿੱਤਾ। ਗੁਰੂ ਜੀ ਸਖ਼ਤ ਜ਼ਖ਼ਮੀ ਹੋ ਗਏ। ਇਲਾਜ ਕਰਵਾਇਆ ਗਿਆ ਪਰ ਇੱਕ ਦਿਨ ਤੀਰ-ਕਮਾਨ ਤੇ ਚਿੱਲਾਂ ਚੜ੍ਹਾਉਂਦੇ ਹੋਏ ਅੱਲੇ ਜ਼ਖਮ ਰਿਸਣ ਲੱਗ ਪਏ ਅਤੇ ਜ਼ਿਆਦਾ ਖੂਨ ਵਹਿਣ ਨਾਲ ਸਿਰਫ 42 ਸਾਲ ਦੀ ਉਮਰ ਵਿੱਚ 7 ਅਕਤੂਬਰ, 1708 ਈ. ਵਿੱਚ ਗੁਰੂ ਗੋਬਿੰਦ ਸਿੰਘ ਜੀ ਪਰਲੋਕ ਸਿਧਾਰ ਗਏ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਮੌਤ ਤੋਂ ਪਹਿਲਾਂ ਸਿੱਖਾਂ ਦੀ ਇਕੱਤਰਤਾ ਵਿੱਚ ਐਲਾਨ ਕਰ ਦਿੱਤਾ ਸੀ ਕਿ ਉਨ੍ਹਾਂ ਦੀ ਮੌਤ ਤੋਂ ਬਾਅਦ ਕੋਈ ਵੀ ਹੋਰ ਗੁਰੂ ਮਨੁੱਖੀ ਜਾਮੇ ਵਿੱਚ ਨਹੀਂ ਆਵੇਗਾ। ਕਿਉਂਕਿ ਗੁਰੂ ਦਾ ਕੰਮ ਪੂਰਾ ਹੋ ਚੁੱਕਾ ਹੈ ਹੁਣ ਉਨ੍ਹਾਂ ਦੀ ਆਤਮਾ ਗੁਰੂ ਗ੍ਰੰਥ ਸਾਹਿਬ ਵਿੱਚ ਨਿਵਾਸ ਕਰੇਗੀ। ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਸੰਗਤ ਵਿੱਚ ਪੰਜ ਪਿਆਰੇ ਜੁੜਨਗੇ, ਉੱਥੇ ਗੁਰੂ ਹਾਜਰ ਹੋਵੇਗਾ। ਸਾਰੇ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਲਈ ਹੁਕਮ ਦਿੱਤਾ ਗਿਆ।

146