ਪੰਨਾ:ਸਿੱਖ ਗੁਰੂ ਸਾਹਿਬਾਨ.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪਣੇ ਆਲੇ-ਦੁਆਲੇ ਦੇ ਵਰਤਾਰਿਆਂ ਨੂੰ ਸਮਝ ਸਕੇ। ਅਜਿਹਾ ਆਦਮੀ ਹੀ ਸਿੱਖ ਧਰਮ ਦੇ ਫਲਸਫੇ ਨੂੰ ਸਮਝ ਕੇ ਗੁਰਾਬਾਣੀ ਦੀ ਵਿਆਖਿਆ ਕਰ ਸਕਦਾ ਹੈ। ਸਿੱਖ ਧਰਮ ਵਿੱਚ ਸੱਚਾਈ ਤੇ ਸੱਚੇ ਰਾਹ 'ਤੇ ਚੱਲਣ ਦੀ ਪ੍ਰੇਰਨਾ ਦਿੱਤੀ ਗਈ ਹੈ-

'ਸਚੇ ਉਪਰ ਸਭ ਕੋ ਉਪਰ ਸੱਚਾ ਆਚਾਰ॥'

ਸਿੱਖ ਸੱਚ ਦੇ ਰਾਹ ਉੱਤੇ ਚੱਲਦਾ ਹੈ ਅਤੇ ਉਸਦਾ ਆਚਰਣ ਸ਼ੁੱਧ ਹੁੰਦਾ ਹੈ। ਇਸ ਲਈ ਹੀ ਦੂਜਿਆਂ ਦਾ ਮਾਰਗ ਦਰਸ਼ਕ ਬਣ ਸਕਦਾ ਹੈ। ਇਸ ਸ਼ੁੱਧਤਾ ਲਈ ਉਸਨੂੰ ਭਗਤੀ ਕਰਨ ਦੀ ਲੋੜ ਹੈ। ਸੱਚੇ ਪ੍ਰਮਾਤਮਾ ਦੀ ਭਗਤੀ ਕਰਨ ਨਾਲ ਹੀ ਪ੍ਰਭੂ ਤੱਕ ਪਹੁੰਚਿਆ ਜਾ ਸਕਦਾ ਹੈ। ਇਸ ਭਗਤੀ ਵਿੱਚ ਉਸਨੂੰ ਵਣਾਂ ਵਿੱਚ ਜਾ ਕੇ ਤਪੱਸਿਆ ਕਰਨ ਦੀ ਲੋੜ ਨਹੀਂ ਹੁੰਦੀ ਹੈ। ਆਦਮੀ ਆਪਣੀ ਘਰ-ਗ੍ਰਹਿਸਥੀ ਨੂੰ ਨਿਭਾਉਂਦਾ ਹੋਇਆ ਆਪਣੇ ਸੱਚੇ ਆਚਾਰ-ਵਿਵਹਾਰ ਤੇ ਪ੍ਰਭੂ ਦੇ ਦੱਸੇ ਹੋਏ ਰਸਤੇ 'ਤੇ ਜਾ ਕੇ ਵੀ ਭਗਤੀ ਕਰ ਸਕਦਾ ਹੈ। ਸਿੱਖ ਧਰਮ ਵਿੱਚ ਬੁੱਤ ਪੂਜਾ, ਵਹਿਮ-ਭਰਮ, ਪਾਖੰਡ, ਸ਼ਰਾਬ ਆਦਿ ਨਸ਼ਿਆਂ ਦੀ ਵਰਤੋਂ, ਕੁੜੀ ਮਾਰਨਾ, ਆਦਿ ਬੁਰਾਈਆਂ ਦਾ ਸਖਤ ਵਿਰੋਧ ਕੀਤਾ ਗਿਆ ਹੈ। ਇਸ ਧਰਮ ਵਿੱਚ ਸੱਚਾਈ, ਇਮਾਨਦਾਰੀ ਨੈਤਿਕ ਕਦਰਾਂ-ਕੀਮਤਾਂ ਕਾਇਮ ਕਰਨੀਆਂ ਤੇ ਸਦਾਚਾਰ ਨੂੰ ਮਹੱਤਤਾ ਦਿੱਤੀ ਗਈ ਹੈ। ਸੱਚੇ ਵਿਅਕਤੀ ਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ ਹੁੰਦੀ, ਕਿਉਂਕਿ ਉਹ ਪ੍ਰਮਾਤਮਾ ਦਾ ਪਿਆਰਾ ਹੁੰਦਾ ਹੈ ਅਤੇ ਪ੍ਰਭੂ ਆਪਣੇ ਪਿਆਰਿਆਂ ਦੇ ਹਮੇਸ਼ਾ ਅੰਗ-ਸੰਗ ਹੁੰਦਾ ਹੈ।

ਸਿੱਖ ਵਿਚਾਰਧਾਰਾ ਨਿਰੰਤਰ ਪ੍ਰਵਾਹ ਹੈ। ਸੰਸਾਰ ਦੇ ਸਾਰੇ ਕੋਨਿਆਂ ਵਿੱਚ ਜਿੱਥੇ ਵੀ ਸਿੱਖ ਗਏ ਹਨ ਜਾਂ ਵਸਦੇ ਹਨ, ਇਸ ਵਿਚਾਰਧਾਰਾ ਨੂੰ ਮਾਨਤਾ ਮਿਲੀ ਹੈ। ਪਿਛਲੀਆਂ ਪੰਜ ਸਦੀਆਂ ਤੋਂ ਵੱਖ-ਵੱਖ ਪੜਾਵਾਂ ਵਿੱਚੋਂ ਲੰਘਕੇ ਧਰਮ ਨੇ ਸਫਲਤਾਪੂਰਵਕ ਆਪਣਾ ਸਫਰ ਤੈਅ ਕੀਤਾ ਹੈ। ਇਸ ਧਰਮ ਨੇ ਅਨੇਕਾਂ ਵਿਦਵਾਨ, ਸੂਰਬੀਰ, ਵਿਗਿਆਨੀ, ਲਿਖਾਰੀ, ਕਲਾਕਾਰ ਪ੍ਰਬੰਧਕਾਂ ਤੇ ਜੱਜਾਂ ਨੂੰ ਪੈਦਾ ਕੀਤਾ ਹੈ। ਸਿੱਖ ਧਰਮ ਵਿੱਚ ਵਿਅਕਤੀ ਆਪਣੇ ਕੀਤੇ ਹੋਏ ਕਰਮਾਂ (ਕੰਮਾਂ) ਦੁਆਰਾ ਪਛਾਣਿਆ ਜਾਂਦਾ ਹੈ ਨਾ ਕਿ ਜਾਤ ਜਾਂ ਰੰਗ ਦੇ ਅਧਾਰ 'ਤੇ ਉਸਦੀ ਪਹਿਚਾਣ ਹੈ। ਸਿੱਖ ਧਰਮ ਵਿੱਚ ਹੀ ਮਨੁੱਖਤਾ ਨੂੰ ਪ੍ਰਮੁਖਤਾ ਦਿੱਤੀ ਗਈ ਹੈ-

'ਸਭੈ ਸਾਂਝੀ ਵਾਲ ਸਦਾਇਣ, ਕੋਇ ਨਾ ਦਿਸੈ ਬਾਹਰਾ ਜੀਓ॥'

ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਪੰਜਾਬ ਮਾੜੇ ਹਾਲਾਤ ਵਿੱਚੋਂ ਲੰਘ ਰਿਹਾ ਸੀ। ਪੰਜਾਬ ਦੀ ਰਾਜਨੀਤਕ, ਸਮਾਜਿਕ, ਆਰਥਿਕ ਤੇ ਧਾਰਮਿਕ ਹਾਲਤ ਨਿੱਘਰ ਚੁੱਕੀ ਸੀ। ਤੈਮੂਰ ਦੇ ਹਮਲਿਆਂ ਨੇ ਰਾਜ ਦੀ ਜਨਤਾ ਨੂੰ ਆਰਥਿਕ ਤੌਰ 'ਤੇ ਕੰਗਾਲ ਕਰ ਦਿੱਤਾ ਸੀ। ਲੋਧੀ ਵੰਸ਼ ਜੋ ਉਸ ਸਮੇਂ ਪੰਜਾਬ

15