ਪੰਨਾ:ਸਿੱਖ ਗੁਰੂ ਸਾਹਿਬਾਨ.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਧੋਖਾ-ਧੜੀ ਜਾਂ ਬੇਈਮਾਨੀ ਨਹੀਂ ਕਰਦਾ। ਉਹ ਸਮਾਜ ਵਿੱਚ ਉੱਚਾ ਹੁੰਦਾ ਹੋਇਆ ਵੀ ਹਲੀਮੀ ਨਾਲ ਵਿਚਰਦਾ ਹੈ, ਕਦੇ ਹੰਕਾਰ ਨਹੀਂ ਕਰਦਾ ਅਤੇ ਲੋਕਾਂ ਦੇ ਸਤਿਕਾਰ ਦਾ ਪਾਤਰ ਬਣਦਾ ਹੈ-

'ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ।।'

ਸਿੱਖ ਧਰਮ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਸਿੱਖਾਂ ਸੂਰਬੀਰਾਂ ਨੇ ਕੁਰਬਾਨੀਆਂ ਦਿੱਤੀਆਂ ਪਰ ਸਿੱਖੀ ਸਿਦਕ ਨਹੀਂ ਹਾਰਿਆ। ਸ਼ਹੀਦ ਭਾਈ ਮਨੀ ਸਿੰਘ, ਤਾਰੂ ਸਿੰਘ ਵਰਗਿਆਂ ਨੇ ਬੰਦ-ਬੰਦ ਕਟਵਾ ਲਿਆ ਪਰ ਡੋਲੇ ਨਹੀਂ। ਸਿੱਖ ਸਿੰਘਣੀਆਂ ਵੀ ਸ਼ਹਾਦਤ ਦੇਣ ਵਾਲਿਆਂ ਵਿੱਚ ਖਾਸ ਸਥਾਨ ਰੱਖਦੀਆਂ ਹਨ। ਉਹਨਾਂ ਨੇ ਆਪਣੇ ਬੱਚਿਆਂ ਦੇ ਟੁਕੜੇ ਕਰਵਾਏ ਉਹਨਾਂ ਦੇ ਹਾਰ ਬਣਾ ਕੇ ਗਲਾਂ ਵਿੱਚ ਪਵਾਏ ਪਰ ਸਿੱਖੀ ਸ਼ਾਨ ਤੇ ਆਨ ਤੇ ਕੋਈ ਆਂਚ ਨਹੀਂ ਆਉਣ ਦਿੱਤੀ। ਉਹਨਾਂ ਮਰਜੀਵੜਿਆਂ ਦੀਆਂ ਕੁਰਬਾਨੀਆਂ ਸਦਕਾ ਸਿੱਖੀ ਦਾ ਇਹ ਬੂਟਾ ਪ੍ਰਫੁਲਿਤ ਹੋਇਆ ਅਤੇ ਸਾਰੇ ਸੰਸਾਰ ਦੀ ਰਹਿਨੁਮਾਈ ਕਰਨ ਲੱਗਾ।

ਸਿੱਖ 'ਧਰਮ ਦੇ ਸਿਧਾਂਤ ਬੜੇ ਸਰਲ ਤੇ ਸੌਖੇ ਹਨ। ਇਹ ਲੋਕਾਂ ਦੀ ਆਪਣੀ ਭਾਸ਼ਾ ਵਿੱਚ ਲਿਖੇ ਹੋਏ ਹਨ ਤਾਂ ਕਿ ਜਨਸਧਾਰਨ ਵੀ ਇਹਨਾਂ ਤੇ ਅਮਲ ਕਰ ਸਕੇ। ਕੋਈ ਫਾਲਤੂ ਦੇ ਰੀਤੀ-ਰਿਵਾਜ ਨਹੀਂ ਥੋਪੇ ਗਏ। ਸਿੱਖ ਧਰਮ ਦੇ ਮਹਾਨ ਤੀਰਥ ਸਥਾਨ 'ਹਰਿਮੰਦਰ ਸਾਹਿਬ' ਦੇ ਚਾਰ ਦਰਵਾਜ਼ੇ ਰੱਖੇ ਗਏ ਹਨ ਜੋ ਸਮਾਜ ਦੇ ਸਭ ਵਰਗਾਂ ਲਈ ਖੁਲੇ ਹਨ। ਕੋਈ ਵੀ ਕਿਸੇ ਦੀ ਜਾਤ, ਧਰਮ ਦਾ ਵਿਅਕਤੀ ਜਾ ਕੇ ਆਪਣੀ ਸ਼ਰਧਾ ਦਿਖਾ ਸਕਦਾ ਹੈ। ਲੰਗਰ ਦੀ ਰੀਤ ਵੀ ਸਾਂਝੀਵਾਲਤਾ ਦੀ ਨਿਸ਼ਾਨੀ ਹੈ। ਬਿਨਾਂ ਕਿਸੇ ਊਚ-ਨੀਚ ਦੇ ਸਭ ਧਰਮਾਂ ਤੇ ਜਾਤਾਂ ਦੇ ਲੋਕਾਂ ਨੂੰ ਇੱਕ ਪੰਗਤ ਵਿੱਚ ਬੈਠ ਕੇ ਲੰਗਰ ਛਕਣ ਦੀ ਖੁੱਲ ਹੈ।


ਸਿੱਖ ਧਰਮ ਦੀ ਅਗਵਾਈ ਕਰਨ ਵਾਲੇ ਦਸ ਗੁਰੂ ਜੋ ਵਿਅਕਤੀ ਗੁਰੂ ਦੇ ਰੂਪ ਵਿੱਚ ਵਿਚਰੇ ਸਾਰੇ ਸੰਤ ਸੁਭਾਅ ਅਤੇ ਉਚੇ-ਸੁੱਚੇ ਆਦਰਸ਼ਾਂ ਦੇ ਪ੍ਰਤੀਕ ਸਨ। ਜੋ ਗਿਆਨ ਉਹ ਸਿੱਖਾਂ ਨੂੰ ਦਿੰਦੇ ਸਨ ਉਹ ਅਮਲੀ ਰੂਪ ਵਿੱਚ ਉਸ 'ਤੇ ਚੱਲਦੇ ਸਨ। ਉਹਨਾਂ ਦੀ ਕਥਨੀ ਤੇ ਕਰਨੀ ਵਿੱਚ ਕੋਈ ਫਰਕ ਨਹੀਂ ਸੀ। ਗੁਰੂ ਹਰ ਕ੍ਰਿਸ਼ਨ ਜੀ ਜਿਹਨਾਂ ਦਾ ਦੇਹਾਂਤ ਬਹੁਤ ਛੋਟੀ ਉਮਰ ਵਿੱਚ ਹੋ ਗਿਆ ਸੀ, ਨੂੰ ਛੱਡ ਕੇ ਬਾਕੀ ਸਾਰੇ ਗੁਰ ਘਰ ਗ੍ਰਹਿਸਥ ਵਾਲੇ ਹੀ ਸਨ। ਉਹਨਾਂ ਦਾ ਪਰਿਵਾਰ ਸੀ, ਬੱਚੇ ਸਨ ਪਰ ਇਹ ਜ਼ਰੂਰੀ ਨਹੀਂ ਸੀ ਕਿ ਉਹਨਾਂ ਦੀ ਔਲਾਦ ਹੀ ਉਹਨਾਂ ਦੀ ਉਤਰਾਧਿਕਾਰੀ ਬਣੇ। ਉਤਰਾਧਿਕਾਰੀ ਬਣਨ ਲਈ ਯੋਗਤਾ ਸੀ, ਪਰਖ ਸੀ ਜੋ ਇਸ ਪਰਖ ਵਿੱਚ ਖ਼ਰਾ ਉਤਰਦਾ, ਉਹ ਹੀ ਸਿੱਖ ਧਰਮ ਵਿੱਚ ਗੁਰੂ ਦੇ ਯੋਗ ਸਮਝਿਆ ਜਾਂਦਾ ਸੀ। ਬੇਸ਼ੱਕ ਤੀਜੇ ਗੁਰੂ ਅਮਰਦਾਸ ਜੀ ਨੇ ਗੁਰੂਆਈ ਘਰ ਵਿੱਚ ਹੀ ਰਹਿਣ ਦਾ ਵਚਨ ਦੇ ਦਿੱਤਾ ਸੀ ਤਾਂ ਵੀ ਜਾਨਸ਼ੀਨ ਉੱਚ-ਪਾਏ ਅਤੇ ਗੁਣੀ

17