ਪੰਨਾ:ਸਿੱਖ ਗੁਰੂ ਸਾਹਿਬਾਨ.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਅਕਤੀ ਨੂੰ ਹੀ ਚੁਣਿਆ ਜਾਂਦਾ ਰਿਹਾ। ਸਿੱਖ ਗੁਰੂਆਂ ਨੇ ਕਦੇ ਵੀ ਆਪਣੇ ਸਿੱਖਾਂ ਨੂੰ ਸਵਰਗ-ਨਰਕ ਦੇ ਚੱਕਰਾਂ ਵਿੱਚ ਨਹੀਂ ਪਾਇਆ। ਵੱਡੇ ਲਾਭਾਂ ਦੇ ਵਾਅਦੇ ਨਹੀਂ ਕੀਤੇ। ਸਗੋਂ ਉਹਨਾਂ ਨੇ ਇਸ ਧਰਤੀ 'ਤੇ ਰਹਿੰਦਿਆਂ ਨਾਮ ਤੇ ਸਬਰ ਸੰਤੋਖ ਦੀ ਕਮਾਈ ਕਰਨ ਲਈ ਸਿੱਖਾਂ ਨੂੰ ਪ੍ਰੇਰਿਤ ਕੀਤਾ। ਉਹਨਾਂ ਨੇ ਲੋਕਾਂ ਨੂੰ ਕਦੇ ਬਹਿਸ਼ਤੀ ਹੂਰਾਂ ਦਾ ਲਾਰਾ ਨਹੀਂ ਲਾਇਆ। ਸਿੱਖ ਧਰਮ ਵਿੱਚ ਇਸ ਲੋਕ ਵਿੱਚ ਸੱਚ ਤੇ ਧਰਮ ਦੇ ਰਸਤੇ 'ਤੇ ਚੱਲਣ ਦੀ ਸਿੱਖਿਆ ਦਿੱਤੀ ਜਾਂਦੀ ਹੈ ਤਾਂ ਕਿ ਪ੍ਰਲੋਕ ਸੁਹੇਲਾ ਹੋ ਸਕੇ ਅਤੇ ਜਨਮ-ਮਰਨ ਦੇ ਚੱਕਰ ਤੋਂ ਮੁਕਤੀ ਮਿਲ ਸਕੇ।

ਸਿੱਖ ਗੁਰੂ ਆਪਣੇ ਆਪ ਨੂੰ ਪ੍ਰਮਾਤਮਾ ਦੇ ਸੇਵਕ ਕਹਾਉਂਦੇ ਸਨ। ਸਿੱਖ ਧਰਮ ਵਿੱਚ ਅਵਤਾਰਵਾਦ ਨੂੰ ਰੱਦ ਕੀਤਾ ਗਿਆ ਹੈ। ਪਰੰਤੂ ਕੁਝ ਪ੍ਰਮਾਤਮਾ ਦੇ ਵਰੋਸਾਏ ਹੋਏ ਨਾਸ਼ਵਾਨ ਵਿਅਕਤੀ ਜੋ ਸੱਚਾਈ ਦੀ ਵਿਆਖਿਆ ਕਰ ਸਕਦੇ ਹਨ ਤੇ ਸੱਚਾਈ ਤੇ ਧਰਮ ਦਾ ਪ੍ਰ੍ਚਾਰ ਕਰ ਸਕਦੇ ਹਨ, ਉਹ ਸਮਰੱਥ ਪ੍ਰਮਾਤਮਾ ਤੱਕ ਪਹੁੰਚਣ ਦੇ ਨੇੜੇ ਹੀ ਹੁੰਦੇ ਹਨ। ਉਹ ਪ੍ਰਭੂ ਦੇ ਪਿਆਰੇ ਹੁੰਦੇ ਹਨ, ਪ੍ਰਭੂ ਦਾ ਸਿਮਰਨ ਕਰਦੇ ਹਨ, ਦੂਜਿਆਂ ਨੂੰ ਸਹੀ ਸੇਧ ਦਿੰਦੇ ਹਨ, ਕਿਸੇ ਭਰਮ-ਜਾਲ ਵਿੱਚ ਨਹੀਂ ਫਸਦੇ, ਔਖੇ ਸਮਿਆਂ 'ਤੇ ਵੀ ਮੱਥੇ ਵੱਟ ਨਹੀਂ ਪਾਉਂਦੇ, ਨਿਡਰ ਹੁੰਦੇ ਹਨ, ਬਹਾਦਰ ਹੁੰਦੇ ਹਨ, ਬਾਦਸ਼ਾਹਾਂ ਦੀਆਂ ਕੋਝੀਆਂ ਕਰਤੂਤਾਂ ਦਾ ਪਾਜ ਉਧੇੜ ਦਿੰਦੇ ਹਨ, ਸਵਾ ਲੱਖ ਨਾਲ ਇੱਕ ਲੜਾ ਦਿੰਦੇ ਹਨ, ਉਹ ਸਰਵ-ਸ਼ਕਤੀਮਾਨ ਤੇ ਸਰਵਉੱਚ ਪ੍ਰਮਾਤਮਾ ਤੋਂ ਸਿਰਫ ਇੱਕ ਪਤਲੀ ਪਰਤ ਜਿੰਨੀ ਦੂਰੀ ਨਾਲ ਹੀ ਅਲੱਗ ਕੀਤੇ ਜਾ ਸਕਦੇ ਹਨ। ਉਹਨਾਂ ਦੀਆਂ ਆਤਮਾਵਾਂ ਪ੍ਰਭੂ ਨੂੰ ਮਿਲਣ ਲਈ ਵਿਆਕੁਲ ਹੁੰਦੀਆਂ ਹਨ।

ਪ੍ਰਭੂ ਨੂੰ ਮਿਲ ਕੇ ਉਹ ਸਰਸ਼ਾਰ ਹੁੰਦੀਆਂ ਹਨ ਅਤੇ ਮਨੁੱਖਤਾ ਲਈ ਮਾਰਗ ਦਰਸ਼ਕ ਬਣ ਜਾਂਦੀਆਂ ਹਨ ਤਾਂ ਜੋ ਜਗਤ-ਜਲੰਦੇ ਨੂੰ ਤਾਰ ਸਕਣ। ਇਸੇ ਵਰਗ ਵਿੱਚ ਸਿੱਖ ਗੁਰੂ ਆਉਂਦੇ ਸਨ। ਇਹ ਮਹਾਂਪੁਰਸ਼ ਪ੍ਰਮਾਤਮਾ ਦੇ ਫੈਸਲਿਆਂ ਜਾਂ ਕਾਦਰ ਦੇ ਕਾਨੂੰਨਾਂ ਦੇ ਰਾਹ ਵਿੱਚ ਅਧਿਆਤਮਿਕ ਸ਼ਕਤੀਆਂ ਦੀ ਵਰਤੋਂ ਕਰਕੇ ਕੋਈ ਵਿਘਨ ਨਹੀਂ ਸਨ ਪਾਉਂਦੇ ਸਗੋਂ ਪ੍ਰਮਾਤਮਾ ਦਾ ਭਾਣਾ ਮਿੱਠਾ ਕਰਕੇ ਮੰਨਦੇ ਰਹੇ ਹਨ। ਉਸ ਸਰਵ ਉੱਚ ਤਾਕਤ ਦੀ ਰਜ਼ਾ ਵਿੱਚ ਜਿਉਂਦੇ ਹਨ। ਸਿੱਖ ਧਰਮ ਵਿੱਚ ਗੁਰੂਆਂ ਨੇ ਇਹ ਅਮਲ ਆਪਣੀ ਜ਼ਿੰਦਗੀ ਵਿੱਚ ਲਿਆਂਦਾ ਅਤੇ ਸਿੱਖਾਂ ਨੂੰ ਵੀ ਇਸੇ ਰਸਤੇ 'ਤੇ ਚੱਲਣ ਲਈ ਪ੍ਰੇਰਿਤ ਕੀਤਾ।

ਸਿੱਖ ਧਰਮ ਵਿੱਚ ਕਰਾਮਾਤਾਂ ਦਿਖਾਉਣ, ਜਾਦੂ-ਟੂਣਿਆਂ ਦੀ ਸਖਤ ਮਨਾਹੀ ਹੈ। ਗੁਰੂ-ਪੁੱਤਰ ਰਾਮ ਰਾਏ ਨੇ ਜੇਕਰ ਇਹ ਅਵੱਗਿਆ ਕੀਤੀ ਤਾਂ ਉਸਨੂੰ ਸਿੱਖ ਧਰਮ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ। ਇਹ ਸਬਕ ਸੀ ਕੇ ਜੇਕਰ ਗੁਰੂ ਪੁੱਤਰ ਹੀ ਕਰਾਮਾਤਾਂ ਦਿਖਾਉਣ ਲੱਗ ਪੈਣ ਤਾਂ ਉਹਨਾਂ ਦੇ ਧਰਮ ਅਤੇ ਹੋਰ ਧਰਮਾਂ

18