ਪੰਨਾ:ਸਿੱਖ ਗੁਰੂ ਸਾਹਿਬਾਨ.pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਮੇਸ਼ਾ ਗੁਰੂ ਜੀ ਦੇ ਨਾਲ ਰਹਿਣ ਵਾਲੇ ਸਨ। ਹਰ ਰਾਇ ਵਿਲੱਖਣ ਸ਼ਖਸੀਅਤ ਦੇ ਮਾਲਕ ਪ੍ਰਭੂ ਭਗਤੀ ਵਿੱਚ ਰੰਗੇ ਰਹਿਣ ਵਾਲੇ ਅਤੇ ਸੰਤ ਸੁਭਾ ਦੇ ਮਾਲਕ ਸਨ। ਗੁਰੂ ਹਰ ਗੋਬਿੰਦ ਸਾਹਿਬ ਨੇ ਹਰ ਰਾਇ ਦੀ ਅਗਲੇ ਗੁਰੂ ਲਈ ਚੋਣ ਕੀਤੀ। ਉਹਨਾਂ ਨੇ ਸਾਰੇ ਸਿੱਖਾਂ ਨੂੰ ਬੁਲਾ ਕੇ ਕੀਤਰਪੁਰ ਸਾਹਿਬ ਵਿਖੇ ਵੱਡਾ ਇਕੱਠ ਕੀਤਾ, ਪ੍ਰਾਰਥਨਾ ਕੀਤੀ, ਹਰ ਰਾਇ ਨੂੰ ਗੁਰਗੱਦੀ 'ਤੇ ਬਿਠਾਇਆ ਗਿਆ। ਬਾਬਾ ਬੁੱਢਾ ਦੇ ਸਪੁੱਤਰ ਬਾਬਾ ਭਾਨਾ ਨੇ ਉਹਨਾਂ ਦੇ ਮੱਥੇ 'ਤੇ ਤਿਲਕ ਲਾਇਆ। ਗੁਰੂ ਹਰਗੋਬਿੰਦ ਸਾਹਿਬ ਗੁਰੂ ਹਰ ਰਾਏ ਅੱਗੇ ਝੁਕੇ ਅਤੇ ਪੰਜ ਪੈਸੇ, ਨਾਰੀਅਲ ਤੇ ਫੁੱਲਾਂ ਦੀ ਵਰਖਾ ਕਰਕੇ ਉਹਨਾਂ ਨੂੰ ਸੱਤਵਾਂ ਗੁਰੂ ਐਲਾਨ ਦਿੱਤਾ।

ਗੁਰੂ ਹਰਗੋਬਿੰਦ ਸਾਹਿਬ ਨੇ ਗੁਰੂ ਤੇਗ ਬਹਾਦਰ ਨੂੰ ਬਕਾਲਾ ਨੇੜੇ ਅੰਮ੍ਰਿਤਸਰ ਜਾਣ ਦੀ ਸਲਾਹ ਦਿੱਤੀ। ਗੁਰੂ ਜੀ ਨੇ ਆਪਣਾ ਅੰਤਿਮ ਸਮਾਂ ਨੇੜੇ ਜਾਣ ਕੇ ਸਿੱਖਾਂ ਨੂੰ ਨਸੀਹਤ ਕੀਤੀ ਕਿ ਉਹਨਾਂ ਦੇ ਚਲਾਣੇ ਪਿੱਛੋਂ ਵਿਰਲਾਪ ਨਹੀਂ ਕਰਨਾ। ਪ੍ਰਭੂ ਦਾ ਨਾਮ ਲੈਣਾ ਹੈ। ਦਾਬਿਸਤਾਨ-ਏ-ਮਜਹਬ ਦੇ ਅਨੁਸਾਰ ਗੁਰੂ ਜੀ ਤਿੰਨ ਮਾਰਚ 1644 ਈ. ਵਿੱਚ ਪ੍ਰਭੂ ਜੋਤ ਵਿੱਚ ਵਿਲੀਨ ਹੋ ਗਏ।

ਭਾਵੇਂ ਗੁਰੂ ਹਰ ਗੋਬਿੰਦ ਜੀ ਦਾ ਬਹੁਤਾ ਸਮਾਂ ਮੁਗਲਾਂ ਖਿਲਾਫ ਜੰਗਾਂ ਕਰਦਿਆਂ ਗੁਜ਼ਰਿਆ ਅਤੇ ਉਹਨਾਂ ਨੇ ਕਿਸੇ ਬਾਣੀ ਦੀ ਰਚਨਾ ਨਹੀਂ ਕੀਤੀ। ਪਰ ਉਹਨਾਂ ਨੇ ਬਾਣੀ ਅਤੇ ਸਿੱਖ ਧਰਮ ਦੇ ਪ੍ਰਚਾਰ ਲਈ ਜਿਥੇ ਦੂਰ-ਦੂਰ ਤੱਕ ਆਪ ਗਏ ਉੱਥੇ ਮਸੰਦਾ ਤੇ ਸਿੱਖਾਂ ਨੂੰ ਵੀ ਇਸ ਕੰਮ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਸਮਾਜ ਸੁਧਾਰ ਦੇ ਵੀ ਕੰਮ ਕੀਤੇ। ਸਿੱਖ ਧਰਮ ਵਿੱਚ ਕਰਾਮਾਤਾਂ ਲਈ ਕੋਈ ਥਾਂ ਨਹੀਂ ਜੋ ਉਹਨਾਂ ਨੇ ਆਪਣੇ ਸਪੁੱਤਰ ਬਾਬਾ ਗੁਰਦਿਤਾ ਤੇ ਅਟੱਲ ਰਾਏ ਨੂੰ ਵੀ ਸਮਝਾਇਆ। ਉਹਨਾਂ ਨੇ ਸਿੱਖ ਧਰਮ ਨੂੰ ਨਵਾਂ ਸਰੂਪ ਬਖਸ਼ਿਆ। ਪ੍ਰਭੂ ਭਗਤੀ ਅਤੇ ਰਾਜਨੀਤਿਕ ਜੀਵਨ ਦੋਨੋਂ ਨਾਲ-ਨਾਲ ਚੱਲ ਸਕਦੇ ਹਨ। ਉਹਨਾਂ ਦਾ ਅਹਿੰਸਾ ਵਿੱਚ ਵਿਸ਼ਵਾਸ ਸੀ ਪਰੰਤੂ ਉਹ ਸਮਝਾਉਂਦੇ ਸਨ ਕਿ ਦੁਸ਼ਮਣ ਨੂੰ ਸਮਝਾਉਣ ਦੇ ਸਾਰੇ ਤਰੀਕੇ ਅਸਫਲ ਹੋ ਜਾਣ ਅਤੇ ਅਹਿੰਸਾ ਨੂੰ ਡਰਪੋਕਤਾ ਸਮਝਣ ਲੌਂਗ ਪਵੇ ਤਾਂ ਹਥਿਆਰ ਚੁੱਕਣਾ ਜ਼ਰੂਰੀ ਹੋ ਜਾਂਦਾ ਹੈ। ਤੁਸੀਂ ਸੱਚੇ ਹੋਣੇ ਚਾਹੀਦੇ ਹੋ ਤਾਂ ਪ੍ਰਮਾਤਮਾ ਵੀ ਤੁਹਾਡਾ ਸਾਥ ਦੇਵੇਗਾ। ਉਹਨਾਂ ਦੇ ਇਸ ਅਧੂਰੇ ਰਹੇ ਕੰਮ ਨੂੰ ਉਹਨਾਂ ਦੇ ਪੋਤਰੇ ਗੁਰੂ ਗੋਬਿੰਦ ਸਿੰਘ ਦਸਵੇਂ ਗੁਰੂ ਨੇ ਪੂਰਾ ਕੀਤਾ। ਜ਼ਿੰਦਗੀ ਦੇ ਆਖਰੀ ਗਿਆਰਾਂ ਸਾਲ ਉਹਨਾਂ ਨੇ ਫਕੀਰਾਂ ਦੀ ਤਰਾਂ ਗੁਜ਼ਾਰੇ ਅਤੇ ਸਿੱਖ ਧਰਮ ਦੇ ਲਈ ਸ਼ਰਧਾ ਭਾਵਨਾ ਦੇ ਨਾਲ ਲਿਵ ਲਾਈ ਰੱਖੀ। ਉਹਨਾਂ ਨੇ ਸਾਰੀ ਉਮਰ ਅਨਿਆਂ ਦੇ ਖਿਲਾਫ ਜੰਗ ਲੜੀ, ਬੁਰਾਈ ਨਾਲ ਕਦੇ ਸਮਝੌਤਾ ਨਹੀਂ ਕੀਤਾ। ਉਹਨਾਂ ਵਿੱਚ ਭਗਤੀ ਤੇ ਸ਼ਕਤੀ ਦਾ ਅਦਭੁੱਤ ਸੁਮੇਲ ਸੀ।

75