ਪੰਨਾ:ਸਿੱਖ ਗੁਰੂ ਸਾਹਿਬਾਨ.pdf/82

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਹਮਣੇ ਰੱਖਦੇ ਹੋਏ ਕੀਤਾ ਗਿਆ ਸੀ। ਇਸਦੇ ਸਿੱਟੇ ਵਜੋਂ ਹੀ ਗੁਰੂ ਹਰ ਰਾਇ ਜੀ ਨੇ ਸਿੱਖ ਧਰਮ ਦੇ ਵਿਕਾਸ ਅਤੇ ਸਿੱਖ ਸਮਾਜ ਦੇ ਸੁਧਾਰ ਲਈ ਹੇਠ ਲਿਖੇ ਕਦਮ ਚੁੱਕੇ।

ਸਭ ਤੋਂ ਪਹਿਲਾਂ ਕੰਮ ਆਪਣੇ ਉਤਰਾਧਿਕਾਰੀਆਂ ਦੀ ਅਧਿਆਤਮਕ ਰੀਤ ਦਿਨ ਵਿੱਚ ਦੋ ਵਾਰ ਸੰਗਤ ਕਰਨ ਦੀ ਜਾਰੀ ਰੱਖੀ। ਉਹ ਹਰ ਰੋਜ਼ ਦਿਨ ਚੜਨ ਤੋਂ ਪਹਿਲਾਂ ਰਹਿੰਦੇ ਇੱਕ ਪਹਿਰ ਉੱਠਦੇ ਅਤੇ ਆਪਣੀ ਨਿੱਤ ਕ੍ਰਿਆ ਕਰਦੇ, ਪੰਚ ਸ਼ਨਾਨ ਕਰਨ ਤੋਂ ਬਾਅਦ ਪ੍ਰਮਤਮਾ ਦੀ ਭਗਤੀ ਵਿੱਚ ਲੀਨ ਹੋ ਜਾਂਦੇ। ਮਹਿਮਾ ਪ੍ਰਕਾਸ਼ ਵਿੱਚ ਗੁਰੂ ਜੀ ਦੇ ਨਿੱਤ ਕਰਮ ਬਾਰੇ ਵਰਨਣ ਹੈ-

'ਪਹਰ ਰਾਤ ਪਿਛਲੀ ਜਬ ਰਹੇ।।
ਜਾਗਤ ਸੁਭਾਓ ਗੁਰ ਰਹੇ।।
ਕਰ ਸੋਚਾਚਾਰ ਹੋਇ ਪੰਚ ਸਨਾਨੀ।।
ਪੁਨ ਕਰੇ ਸ਼ਨਾਨ ਗੁਰ ਕੇਵਲ ਗਿਆਨੀ।।'

ਦਿਨ ਚੜ੍ਹਨ 'ਤੇ ਇਸ਼ਨਾਨ ਕਰਕੇ ਗੁਰੂ ਜੀ ਸੰਗਤ ਵਿੱਚ ਜਾਂਦੇ ਅਤੇ ਗੁਰੂ ਗਰੰਥ ਸਾਹਿਬ ਦਾ ਪਵਿੱਤਰ ਪਾਠ ਸ੍ਰਵਣ ਕਰਦੇ ਅਤੇ ਕੀਰਤਨ ਸੁਣਦੇ। ਸਵੇਰ ਦੀ ਸਭਾ ਜਾਂ ਦੀਵਾਨ 'ਚਰਨ ਕੰਵਲ ਆਰਤੀ' ਦਾ ਪਾਠ ਕਰਨ ਤੋਂ ਬਾਅਦ ਸਮਾਪਤ ਹੋ ਜਾਂਦੀ। ਸ਼ਾਮ ਨੂੰ ਗੁਰੂ ਜੀ ਫਿਰ ਸੰਗਤ ਕਰਦੇ ਜਿਸ ਵਿੱਚ ਉਹਨਾਂ ਤੋਂ ਪਹਿਲਾਂ ਵਾਲੇ ਗੁਰੂਆਂ ਦੀਆਂ ਜੀਵਨੀਆਂ ਤੇ ਸਿੱਖਿਆਵਾਂ ਬਾਰੇ ਕਥਾ ਕੀਤੀ ਜਾਂਦੀ। ਸ਼ਾਮ ਵਾਲਾ ਦੀਵਾਨ ਕੀਰਤਨ ਦੇ ਨਾਲ 'ਸੋਦਰ ਰਹਿਰਾਸ' ਦਾ ਪਾਠ ਕਰਨ ਤੋਂ ਬਾਅਦ ਸਮਾਪਤ ਕੀਤਾ ਜਾਂਦਾ। ਇੰਨੀ ਸੇਵਾ ਤੋਂ ਬਾਅਦ ਰਾਤ ਦਾ ਖਾਣਾ ਖਾ ਕੇ ਗੁਰੂ ਜੀ ਬਿਸਤਰ 'ਤੇ ਸੌਣ ਲਈ ਚਲੇ ਜਾਂਦੇ। ਸੋਦਰ ਰਹਿਰਾਸ ਆਦਿ ਗ੍ਰੰਥ ਵਿੱਚ ਬਾਣੀ ਦਾ ਇਕ ਜਾਪ ਹੈ ਜੋ ਸ਼ਾਮ ਦੇ ਸਮੇਂ ਕੀਤਾ ਜਾਂਦਾ ਹੈ। ਗੁਰੂ ਹਰ ਰਾਇ ਜੀ ਨੇ ਸਾਰੀ ਜ਼ਿੰਦਗੀ ਇਹ ਧਾਰਮਿਕ ਰਸਮ ਨੂੰ ਆਪਣੀ ਨਿੱਤ ਦੀ ਕਾਰਵਾਈ ਦੇ ਤੌਰ 'ਤੇ ਨਿਭਾਇਆ।

ਕੁੱਝ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਗੁਰੂ ਜੀ ਦੀਆਂ ਇਹਨਾਂ ਧਾਰਮਿਕ ਸਭਾਵਾਂ ਨੂੰ ਸਿਰਫ ਸੰਗਤ ਹੀ ਨਹੀਂ ਸੀ ਸੁਣਦੀ ਸਗੋਂ ਦੂਜੇ ਧਰਮਾਂ ਦੇ ਲੋਕ ਵੀ ਇੱਥੇ ਆ ਕੇ ਗੁਰੂ ਜੀ ਤੋ ਅਸ਼ੀਰਵਾਦ ਲੈਂਦੇ ਅਤੇ ਮਿੱਤਰਤਾ ਕਰਦੇ। ਇੱਥੋਂ ਤੱਕ ਕਿ ਸ਼ਹਿਜਾਦਾ ਦਾਰਾ ਸ਼ਿਕੋਹ, ਸੂਫੀ ਸੰਤ ਸਰਮਦ, ਦਾਬਿਸਤਾਨ-ਏ-ਮੁਜ਼ਾਹਿਬ ਦਾ ਲੇਖਕ ਜ਼ੁਲਫਕਾਰ ਅਰਦਸਤਾਨੀ ਅਤੇ ਕਈ ਹੋਰ ਲੋਕ ਕੀਰਤਪੁਰ ਸਾਹਿਬ ਆਏ ਅਤੇ ਗੁਰੂ ਦੇ ਪ੍ਰੇਰਿਤ ਕਰਨ ਵਾਲੇ ਸ਼ਬਦ ਤੇ ਸਿੱਖਿਆਵਾਂ ਸੁਣ ਕੇ ਤਸੱਲੀ ਜ਼ਾਹਿਰ ਕੀਤੀ। ਇਸ ਤਰਾਂ ਗੁਰੂ ਜੀ ਨੇ ਚੁੱਪ-ਚੁਪੀਤੇ ਨੈਤਿਕ ਅਤੇ ਅਧਿਆਤਮਕ

82