ਪੰਨਾ:ਸਿੱਖ ਗੁਰੂ ਸਾਹਿਬਾਨ.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੱਲ ਪ੍ਰੇਰਿਤ ਕਰਦੇ। ਹਰੀ ਰਾਮ ਗੁਪਤਾ, 'ਹਿਸਟਰੀ ਆਫ਼ ਦਾ ਸਿੱਖ ਗੁਰੂਜ਼' ਵਿੱਚ ਲਿਖਦੇ ਹਨ ਕਿ ਗੁਰੂ ਜੀ ਛੋਟੀਆਂ-ਛੋਟੀਆਂ ਯਾਤਰਾਵਾਂ ਤੇ ਜਾਂਦੇ ਤੇ ਸਿੱਖੀ ਦਾ ਪ੍ਰਚਾਰ ਕਰਦੇ ਸਨ। ਉਹਨਾਂ ਨੇ ਪੰਜਾਬ ਦੇ ਵੱਡੇ ਜਿੰਮੀਦਾਰਾਂ ਨੂੰ ਸਿੱਖ ਧਰਮ ਵਿੱਚ ਲੈ ਕੇ ਆਂਦਾ। ਇਹ ਲੋਕ ਉਸ ਸਮੇਂ ਦੇ ਲੋਕਾਂ ਦੇ ਕੁਦਰਤੀ ਤੌਰ 'ਤੇ ਆਗੂ ਸਮਝੇ ਜਾਂਦੇ ਸਨ। ਇੱਕ ਸਭ ਤੋਂ ਵੱਡਾ ਧਰਮ ਪਰਿਵਰਤਨ ਜੋ ਹੋਇਆ ਬੈਰਾਗੀ ਸਾਧੂ 'ਭਗਤ ਗਿਰਾ' ਦਾ ਸੀ। ਇਹ ਸਾਧੂ ਬੋਧ ਗਯਾ ਨਾਲ ਸਬੰਧ ਰੱਖਦਾ ਸੀ। ਜਵਾਲਾ ਜੀ ਦੇ ਤੀਰਥ ਤੋ ਵਾਪਸ ਆਉਂਦਿਆ ਉਹ ਰਸਤੇ ਵਿੱਚ ਗੁਰੂ ਜੀ ਕੋਲ ਕੀਰਤਪੁਰ ਰੁਕਿਆ। ਉਹ ਕੁਝ ਦਿਨ ਉੱਥੇ ਰਿਹਾ ਅਤੇ ਗੁਰੂ ਹਰ ਰਾਇ ਨੂੰ ਮਿਲਿਆ। ਉਹ ਗੁਰੂ ਹਰ ਰਾਇ ਦੇ ਪਵਿੱਤਰ ਜੀਵਨ ਅਤੇ ਸੰਤ ਸੁਭਾਅ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਹ ਗੁਰੂ ਜੀ ਦਾ ਪੱਕਾ ਸ਼ਰਧਾਲੂ ਬਣ ਗਿਆ। ਉਸ ਨੂੰ ਸਿੱਖ ਧਰਮ ਵਿੱਚ ਆਉਣ 'ਤੇ ਉਸਦਾ ਨਾਂ ਭਗਤ ਭਗਵਾਨ ਰੱਖ ਦਿੱਤਾ ਗਿਆ ਤੇ ਉਸ ਨੂੰ ਸਿੱਖੀ ਦੇ ਪ੍ਰਚਾਰ ਲਈ ਦੇਸ਼ ਦੇ ਪੂਰਬੀ ਹਿੱਸੇ ਪਟਨਾ ਭੇਜ ਦਿੱਤਾ ਗਿਆ। ਇੱਥੇ ਭਗਤ ਭਗਵਾਨ ਅਤੇ ਉਸਦੇ ਸਿੱਖਾਂ ਨੇ ਸਿੱਖ ਧਰਮ ਦੀਆਂ 360 ਗੱਦੀਆਂ ਸਥਾਪਤ ਕੀਤੀਆਂ। ਜਿਨਾਂ ਵਿੱਚੋ ਕਈ ਅਜੇ ਵੀ ਕਾਇਮ ਹਨ। ਇੱਥੇ ਅਜੇ ਵੀ ਸਿੱਖੀ ਦਾ ਪ੍ਰਚਾਰ ਹੁੰਦਾ ਹੈ। ਇੱਕ ਹੋਰ ਮਹੱਤਵਪੂਰਨ ਧਰਮ ਪਰਿਵਰਤਨ ਭਾਈ ਸੰਗਤੀਏ ਦਾ ਹੋਇਆ। ਉਸਨੂੰ ਫੇਰੂ ਨਾਂ ਦਿੱਤਾ ਗਿਆ ਅਤੇ ਉਸਨੂੰ ਬਾਰੀ ਦੁਆਬ ਦੇ ਵਿਚਕਾਰਲੇ ਹਿੱਸੇ ਵਿੱਚ ਪ੍ਰਚਾਰ ਹਿੱਤ ਭੇਜਿਆ ਗਿਆ। ਉਸਨੇ ਪੰਜਾਬ ਵਿਚ ਬਖਸ਼ੀਸ਼ਾਂ ਵੀ ਦਿੱਤੀਆਂ।

ਉਨ੍ਹਾਂ ਵਿੱਚੋਂ ਇੱਕ ਬਖਸ਼ੀਸ਼ ਸੁਥਰੇ ਸ਼ਾਹ ਨੂੰ ਦਿੱਤੀ ਗਈ ਅਤੇ ਦਿੱਲੀ ਵਿੱਚ ਪ੍ਰਚਾਰ ਕਰਨ ਲਈ ਭੇਜਿਆ ਗਿਆ। ਸੁਥਰੇ ਸ਼ਾਹ ਬਾਰਾਮੂਲਾ ਕਸ਼ਮੀਰ ਦੇ ਨੇੜਲੇ ਪਿੰਡ ਬਹਿਰਾਮਪੁਰ ਵਿੱਚ ਪੈਦਾ ਹੋਇਆ। ਕਿਹਾ ਜਾਂਦਾ ਹੈ ਉਹ ਖੱਤਰੀ ਪਰਿਵਾਰ ਨਾਲ ਸਬੰਧ ਰੱਖਦਾ ਸੀ। ਕਿਹਾ ਜਾਂਦਾ ਹੈ ਕਿ ਜਨਮ ਸਮੇਂ ਹੀ ਉਸ ਦੇ ਮੂੰਹ ਵਿੱਚ ਦੰਦ ਸਨ, ਜਿਸ ਕਰਕੇ ਉਸ ਦੇ ਮਾਤਾ ਪਿਤਾ ਨੇ ਉਸ ਨੂੰ ਬੁਰੀ ਆਤਮਾ ਸਮਝ ਕੇ ਘਰੋਂ ਬਾਹਰ ਸੁੱਟ ਦਿੱਤਾ। ਗੁਰੂ ਹਰਗੋਬਿੰਦ ਸਾਹਿਬ ਛੇਵੇਂ ਗੁਰੂ ਕਸਮੀਰ ਤੋਂ ਵਾਪਸ ਆ ਰਹੇ ਸਨ, ਉਹਨਾਂ ਨੂੰ ਇਸ ਗੱਲ ਬਾਰੇ ਦੱਸਿਆ ਗਿਆ, ਉਨ੍ਹਾਂ ਨੇ ਇਸ ਬੱਚੇ ਨੂੰ ਚੁੱਕ ਕੇ ਕੀਰਤਪੁਰ ਲੈ ਆਂਦਾ ਤੇ ਇੱਥੇ ਉਸ ਦੀ ਵਧੀਆ ਪਰਵਰਿਸ਼ ਕੀਤੀ ਗਈ। ਉਸ ਦਾ ਨਾਂ ਸੁਥਰਾ ਰੱਖਿਆ ਗਿਆ ਤੇ ਵੱਡਾ ਹੋ ਕੇ ਉਹ ਇੱਕ ਸ਼ਰਧਾਵਾਨ ਸਿੱਖ ਬਣ ਗਿਆ।

ਸਿੱਖੀ ਦਾ ਪ੍ਰਚਾਰ ਕਰਨ ਲਈ ਦਿੱਤੀਆਂ ਗਈਆਂ ਪਹਿਲੀਆਂ ਤਿੰਨੇ ਬਖਸ਼ੀਸ਼ਾਂ ਇੰਨੀਆਂ ਕਮਯਾਬ ਰਹੀਆਂ ਕਿ ਤਿੰਨ ਹੋਰ ਬਖਸ਼ਿਸ਼ਾਂ ਸ਼ਾਮਿਲ ਕਰ ਦਿੱਤੀਆਂ ਗਈਆਂ। ਇੱਕ ਬਖਸੀਸ ਗੁਰੂ ਤੇਗ਼ ਬਹਾਦਰ ਜੀ ਨੇ ਅਤੇ ਦੋ ਗੁਰੂ ਗੋਬਿੰਦ ਸਿੰਘ

87