ਪੰਨਾ:ਸਿੱਖ ਗੁਰੂ ਸਾਹਿਬਾਨ.pdf/92

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੁਰੂ ਹਰ ਰਾਇ ਦੇ ਮੁਗਲਾਂ ਨਾਲ ਸਬੰਧ

ਸਿੱਖ ਇਤਿਹਾਸਕਾਰ ਸਰੂਪ ਦਾਸ ਭੱਲਾ 'ਮਹਿਮਾ ਪ੍ਰਕਾਸ਼' ਵਿੱਚ ਲਿਖਦੇ ਹਨ ਕਿ ਸਿੱਖ ਧਰਮ ਦੇ ਸਰੋਤਾਂ ਅਨੁਸਾਰ ਗੁਰੂ ਹਰ ਰਾਇ ਦੇ ਸਬੰਧ ਭਾਰਤ ਦੇ ਮੁਗ਼ਲ ਬਾਦਸ਼ਾਹ ਸ਼ਾਹ ਜਹਾਨ ਨਾਲ ਮਿੱਤਰਤਾ ਪੂਰਨ ਰਹੇ। ਕਈ ਵਿਦਵਾਨਾਂ ਦਾ ਵਿਚਾਰ ਹੈ ਕਿ ਗੁਰੂ ਹਰ ਰਾਇ ਦੀ ਗੁਰਗੱਦੀ ਦੇ ਪਹਿਲੇ ਚੌਦਾਂ ਸਾਲ ਸ਼ਾਂਤੀ, ਸਦਭਾਵਨਾ ਅਤੇ ਸੱਭਿਆਚਾਰਕ ਉਨਤੀ ਵਿੱਚ ਹੀ ਬੀਤੇ।

1652 ਈਸਵੀ ਵਿੱਚ ਵਾਪਰੀ ਇੱਕ ਘਟਨਾ ਵੀ ਗੁਰੂ ਜੀ ਦੇ ਮੁਗਲ ਬਾਦਸਾਹ ਸ਼ਾਹ ਜਹਾਨ ਨਾਲ ਵਧੀਆ ਸੰਬੰਧਾਂ ਨੂੰ ਹੀ ਦਰਸਾਉਂਦੀ ਹੈ। ਉਸ ਸਾਲ ਬਾਦਸ਼ਾਹ ਦਾ ਬੇਟਾ ਦਾਰਾ ਸ਼ਿਕੋਹ ਬਹੁਤ ਬਿਮਾਰ ਹੋ ਗਿਆ ਸੀ। ਮੈਕਾਲਿਫ਼ ਦੇ ਅਨੁਸਾਰ ਸ਼ਾਹ ਜਹਾਨ ਦਾ ਇੱਕ ਪੁੱਤਰ ਔਰੰਗਜੇਬ ਜੋ ਬਾਅਦ ਵਿੱਚ ਮੁਗਲ ਸ਼ਾਸਕ ਬਣਿਆ, ਬਹੁਤ ਹੀ ਚੁਸਤ ਚਲਾਕ ਤੇ ਬੇਈਮਾਨ ਸੀ। ਉਸ ਨੇ ਦਾਰਾ ਸ਼ਿਕੋਹ ਨੂੰ ਕਿਸੇ ਤਰੀਕੇ ਸ਼ੇਰ ਦੀ ਮੁੱਛ ਦਾ ਵਾਲ ਖੁਆ ਦਿੱਤਾ। ਜਿਸ ਦੇ ਸਿੱਟੇ ਵਜੋਂ ਦਾਰਾ ਸਖਤ ਬਿਮਾਰ ਹੋ ਗਿਆ। ਉਸ ਦੇ ਬਚਣ ਦੀ ਕੋਈ ਉਮੀਦ ਨਹੀਂ ਸੀ। ਸ਼ਾਹ ਜਹਾਨ ਨੇ ਰਾਜ ਦੇ ਮਸ਼ਹੂਰ ਵੈਦਾਂ ਤੇ ਹਕੀਮਾਂ ਤੋਂ ਦਾਰੇ ਦਾ ਇਲਾਜ ਕਰਵਾਇਆ ਪ੍ਰੰਤੂ ਕੋਈ ਫਰਕ ਨਾ ਪਿਆ। ਕਿਸੇ ਹਕੀਮ ਨੇ ਸ਼ਾਹ ਜਹਾਨ ਨੂੰ ਕਿਹਾ ਕਿ ਜੇਕਰ 14 ਛਟਾਕਾਂ ਦੀ ਇੱਕ ਹਰੜ ਅਤੇ ਇੱਕ ਮਾਸੇ ਦਾ ਲੌਂਗ ਮਿਲ ਜਾਏ ਤਾਂ ਉਸ ਦੀ ਦਵਾਈ ਬਣਾ ਕੇ ਸ਼ਹਿਜ਼ਾਦੇ ਨੂੰ ਖਵਾਉਣ ਨਾਲ ਉਸ ਦੀ ਬਿਮਾਰੀ ਜਾ ਸਕਦੀ ਹੈ। ਮੁਗਲ ਬਾਦਸ਼ਾਹ ਨੇ ਦੂਰ ਦੂਰ ਤੱਕ ਆਪਣੇ ਆਦਮੀਆਂ ਨੂੰ ਇਨ੍ਹਾਂ ਚੀਜ਼ਾਂ ਨੂੰ ਲਿਆਉਣ ਹਿੱਤ ਭੇਜਿਆ ਪਰ ਕਿਤੋਂ ਨਹੀਂ ਮਿਲੀਆਂ। ਇੱਕ ਪੀਰ ਹਸਨ ਅਲੀ ਨੇ ਬਾਦਸ਼ਾਹ ਨੂੰ ਦੱਸਿਆ ਕਿ ਇਹ ਚੀਜ਼ਾਂ ਸਿੱਖ ਗੁਰੂ ਹਰ ਰਾਇ ਦੇ ਦਵਾਖਾਨੇ ਵਿੱਚੋਂ ਮਿਲ ਸਕਦੀਆਂ ਹਨ। ਬਾਦਸ਼ਾਹ ਸ਼ਾਹ ਜਹਾਨ ਨੇ ਬਹੁਤ ਹੀ ਨਿਮਰਤਾ ਸਹਿਤ ਪੱਤਰ ਲਿਖਕੇ ਗੁਰੂ ਜੀ ਨੂੰ ਇਹ ਦੋਵੇਂ ਚੀਜਾਂ ਦੇਣ ਲਈ ਬੇਨਤੀ ਕੀਤੀ ਤਾਂ ਜੋ ਦਾਰੇ ਦਾ ਕਸ਼ਟ ਕੱਟਿਆ ਜਾ ਸਕੇ। ਮੈਕਾਲਿਫ਼ ਦੇ ਅਨੁਸਾਰ ਸ਼ਾਹ ਜਹਾਨ ਨੇ ਲਿਖਿਆ-

'ਤੁਹਾਡੇ ਪੂਰਵਜ ਪਵਿੱਤਰ ਬਾਬਾ ਨਾਨਕ ਗੁਰੂ ਨੇ ਬਾਦਸ਼ਾਹ ਬਾਬਰ, ਜੋ ਮੁਗਲ ਬਾਦਸ਼ਾਹ ਖਾਨਦਾਨ ਦਾ ਸੰਸਥਾਪਕ ਸੀ ਨੂੰ ਪ੍ਰਭੂਤਾ ਬਖਸ਼ੀ ਸੀ। ਗੁਰੂ ਅੰਗਦ ਨੇ ਬਾਦਸ਼ਾਹ ਹਮਾਯੂੰ ਨਾਲ ਵਧੀਆ ਵਿਹਾਰ ਕੀਤਾ ਸੀ, ਗੁਰੂ ਅਮਰਦਾਸ ਜੀ ਨੇ ਮੇਰੇ ਦਾਦਾ ਬਾਦਸ਼ਾਹ ਅਕਬਰ ਦੀਆਂ ਮੁਸ਼ਕਲਾਂ ਹੱਲ ਕੀਤੀਆਂ ਸਨ। ਮੈਨੂੰ

92