ਪੰਨਾ:ਸਿੱਖ ਗੁਰੂ ਸਾਹਿਬਾਨ.pdf/93

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਫਸੋਸ ਹੈ ਕਿ ਮੇਰੇ ਤੇ ਗੁਰੂ ਹਰਗੋਬਿੰਦ ਵਿਚਲੇ ਇਹੋ ਜਿਹੇ ਵਧੀਆ ਰਿਸ਼ਤੇ ਨਹੀਂ ਰਹੇ। ਅਜਨਬੀ ਲੋਕਾਂ ਨੇ ਭਰਮ ਭੁਲੇਖੇ ਖੜ੍ਹੇ ਕੀਤੇ। ਮੇਰਾ ਕੋਈ ਕਸੂਰ ਨਹੀਂ ਸੀ ਹੁਣ ਮੇਰਾ ਪੁੱਤਰ ਦਾਰਾ ਸ਼ਿਕੋਹ ਬਹੁਤ ਬੀਮਾਰ ਹੈ, ਉਸ ਦਾ ਇਲਾਜ ਤੁਹਾਡੇ ਹੱਥ ਹੈ। ਜੇਕਰ ਤੁਸੀਂ ਸਾਨੂੰ 'ਗਜ਼ ਮੁਕਤਾ ਗਏ ਹਰੜ' ਅਤੇ ਮਾਸਾ ਲੌਂਗ ਜੋ ਤੁਹਾਡੇ ਦਵਾਖਾਨੇ ਵਿੱਚ ਹਨ ਦੇ ਦੇਵੋ ਤਾਂ ਤੁਹਾਡੀ ਬੜੀ ਕਿਰਪਾ ਹੋਵੇਗੀ।'

ਇੱਕ ਦਰਬਾਰੀ ਨੂੰ ਇਹ ਪੱਤਰ ਦੇ ਕੇ ਗੁਰੂ ਜੀ ਕੋਲ ਕੀਰਤਪੁਰ ਭੇਜਿਆ ਗਿਆ ਅਤੇ ਸਵੇਰ ਸਮੇਂ ਦੇ ਦਰਬਾਰ ਵਿੱਚ ਗੁਰੂ ਜੀ ਨੂੰ ਪੇਸ਼ ਕੀਤਾ ਗਿਆ। ਗੁਰੂ ਜੀ ਸ਼ਾਹ ਜਹਾਨ ਦੇ ਮਿੱਤਰਤਾਪੂਰਨ ਅਤੇ ਵਿਸ਼ਵਾਸ ਪੂਰਨ ਰਵੱਈਏ ਤੋਂ ਖੁਸ਼ ਹੋਏ। ਉਨ੍ਹਾਂ ਨੇ ਇਹ ਦੋਵੇਂ ਜੜ੍ਹੀ ਬੂਟੀਆਂ, ਹਰੜ ਤੇ ਲੌਂਗ ਦੇ ਨਾਲ ਇੱਕ ਤੀਜੀ ਦਵਾਈ ਗਜ ਮੋਤੀ ਵੀ ਦਿੱਤਾ ਜਿਸ ਨੂੰ ਪੀਸ ਕੇ ਖਾਣ ਨਾਲ ਦਾਰੇ ਦੇ ਕਮਜ਼ੋਰ ਸਰੀਰ ਵਿੱਚ ਤਾਕਤ ਵੀ ਆ ਜਾਣੀ ਸੀ। ਗੁਰੂ ਜੀ ਸੱਚਮੁੱਚ ਉਸ ਦਰੱਖਤ ਵਾਂਗ ਸਨ ਜਿਸ ਨੂੰ ਬੇਸ਼ੱਕ ਕੁਹਾੜੇ ਨਾਲ ਕੱਟ ਦਿੱਤਾ ਜਾਵੇ, ਕਦੇ ਗੁੱਸਾ ਨਹੀਂ ਕਰਦਾ। ਲੱਕੜਹਾਰੇ ਨੂੰ ਕੋਈ ਦੋਸ਼ ਨਹੀਂ ਦਿੰਦਾ ਪਰ ਉਸ ਦੀ ਲੋੜ ਪੂਰੀ ਕਰ ਦਿੰਦਾ ਹੈ। ਗੁਰੂ ਜੀ ਬੁਰਾਈ ਦੇ ਬਦਲੇ ਚੰਗਿਆਈ ਬਖ਼ਸ਼ ਰਹੇ ਸਨ, ਕਿਉਂਕਿ ਇਤਿਹਾਸ ਗਵਾਹ ਹੈ ਕਿ ਸਿਰਫ਼ ਸ਼ਾਹ ਜਹਾਨ ਨੇ ਹੀ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਨਾਲ ਲੜਾਈਆਂ ਨਹੀਂ ਸੀ ਕੀਤੀਆਂ ਸਗੋਂ ਉਸ ਦੇ ਪਿਤਾ ਜਹਾਂਗੀਰ ਨੇ ਵੀ ਪੰਜਵੀਂ ਜੋਤ ਗੁਰੂ ਅਰਜਨ ਦੇਵ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਸੀ। ਇਸ ਮੌਕੇ ਸਾਰਾ ਕੁਝ ਤਾਜ਼ਾ ਹੋਣ ਦੇ ਬਾਵਜੂਦ ਗੁਰੂ ਹਰ ਰਾਇ ਜੀ ਨੇ ਆਸਾ ਦੀ ਵਾਰ ਵਿੱਚੋਂ ਚੌਦਵਾਂ ਸ਼ਲੋਕ ਪੜ੍ਹਿਆ ਜਿਸ ਦਾ ਭਾਵ ਸੀ ਕਿ ਜੇ ਕੋਈ ਤੁਹਾਡੇ ਕੋਲ ਉਮੀਦ ਲੈ ਕੇ ਆਵੇ ਉਹ ਨਿਰਾਸ਼ ਨਹੀਂ ਜਾਣਾ ਚਾਹੀਦਾ।

ਇਹ ਤਿੰਨੋਂ ਚੀਜ਼ਾਂ ਪ੍ਰਾਪਤ ਕਰਕੇ ਬਾਦਸ਼ਾਹ ਸਰਸ਼ਾਰ ਹੋ ਗਿਆ ਅਤੇ ਕਹਿਣ ਲੱਗਾ ਪ੍ਰਮਾਤਮਾ ਦੇ ਰੰਗ ਦੇਖੋ ਜੋ ਚੀਜ਼ਾਂ ਇੱਕ ਬਾਦਸ਼ਾਹ ਦੇ ਖ਼ਜ਼ਾਨਿਆਂ ਵਿੱਚ ਨਹੀਂ ਮਿਲੀਆਂ ਉਹ ਇੱਕ ਸੰਤ ਦੇ ਬਾਗ਼ ਵਿੱਚੋਂ ਕੀਰਤਪੁਰ ਤੋਂ ਮਿਲ ਗਈਆਂ। ਇਹ ਚੀਜ਼ਾਂ ਦਾਰਾ ਸ਼ਿਕੋਹ ਨੂੰ ਖਵਾਈਆਂ ਗਈਆਂ, ਜਲਦੀ ਹੀ ਦਾਰਾ ਨਵਾਂ ਨਰੋਆ ਹੋ ਗਿਆ।, ਇਸ ਤੇ ਬਾਦਸ਼ਾਹ ਬਹੁਤ ਖ਼ੁਸ਼ ਹੋਇਆ ਅਤੇ ਉਸ ਨੇ ਗੁਰੂ ਹਰ ਰਾਇ ਜੀ ਨਾਲ ਦੋਸਤਾਨਾ ਸਬੰਧ ਭਵਿੱਖ ਵਿੱਚ ਵੀ ਕਾਇਮ ਰੱਖਣ ਦੀ ਕਸਮ ਖਾਧੀ

ਗਿਆਨੀ ਠਾਕੁਰ ਸਿੰਘ 'ਗੁਰਦੁਆਰਾ ਦਰਸ਼ਨ' ਨਾਂ ਦੀ ਪੁਸਤਕ ਵਿੱਚ ਲਿਖਦੇ ਹਨ ਕਿ ਬਿਮਾਰੀ ਠੀਕ ਹੋਣ ਤੋਂ ਬਾਅਦ ਦਾਰਾ ਸ਼ਿਕੋਹ ਦੋ ਵਾਰ ਗੁਰੂ ਜੀ ਨੂੰ ਮਿਲਣ ਕੀਰਤਪੁਰ ਆਇਆ। ਉਹ ਗੁਰੂ ਘਰ ਦਾ ਸ਼ਰਧਾਲੂ ਬਣ ਗਿਆ ਅਤੇ ਗੁਰੂ ਜੀ ਲਈ ਬਹੁਤ ਸੌਗਾਤਾਂ ਲੈ ਕੇ ਆਇਆ। ਉਸ ਨੇ ਗੁਰੂ ਜੀ ਦੀ ਬੜੀ ਵਡਿਆਈ

93