ਪੰਨਾ:ਸਿੱਖ ਗੁਰੂ ਸਾਹਿਬਾਨ.pdf/94

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੀਤੀ ਤੇ ਇੱਜ਼ਤ ਬਖਸ਼ੀ। ਪਰ ਗੁਰੂ ਜੀ ਨੇ ਨਿਮਰਤਾ ਨਾਲ ਸੁਗਾਤਾਂ ਲੈਣ ਤੋਂ ਇਨਕਾਰ ਕਰ ਦਿੱਤਾ। ਇਸ ਘਟਨਾ ਨਾਲ ਗੁਰੂ ਹਰ ਰਾਇ ਤੇ ਸ਼ਹਿਜ਼ਾਦਾ ਦਾਰਾ ਸ਼ਿਕੋਹ ਵਿੱਚ ਮਿੱਤਰਤਾ ਦੇ ਸਬੰਧ ਹੋਰ ਗੂੜ੍ਹੇ ਹੋ ਗਏ। ਇਸ ਤੋਂ ਬਾਅਦ ਸ਼ਾਹ ਜਹਾਨ ਨੇ ਰਹਿੰਦੀ ਜ਼ਿੰਦਗੀ ਗੁਰੂ ਹਰ ਰਾਇ ਦੇ ਕੰਮਾਂ ਵਿੱਚ ਕੋਈ ਦਖਲ ਅੰਦਾਜ਼ੀ ਨਹੀਂ ਕੀਤੀ। ਗੁਰੂ ਜੀ ਸ਼ਾਂਤੀ ਨਾਲ ਆਪਣਾ ਧਰਮ ਪ੍ਰਚਾਰ ਕਰਦੇ ਰਹੇ। ਅਕਬਰ ਦੇ ਰਾਜ ਤੋਂ ਬਾਅਦ ਇਹ ਪਹਿਲਾਂ ਸਮਾਂ ਸੀ ਜਦੋਂ ਸਿੱਖਾਂ ਨੇ ਬੇਖ਼ੌਫ਼ ਤੇ ਸੁਤੰਤਰ ਹੋ ਕੇ ਆਜ਼ਾਦ ਫਿਜ਼ਾ ਵਿੱਚ ਸਾਹ ਲਿਆ।

1658 ਈਸਵੀ ਵਿੱਚ ਸ਼ਾਹਜਹਾਨ ਦੇ ਪੁੱਤਰਾਂ ਵਿੱਚ ਖਾਨਾਜੰਗੀ ਛਿੜ ਪਈ। ਮੈਕਾਲਿਫ ਦੇ ਬਿਰਤਾਂਤ ਅਨੁਸਾਰ ਮੁਗਲ ਬਾਦਸ਼ਾਹ ਸ਼ਾਹ ਜਹਾਨ ਦੇ ਚਾਰ ਪੁੱਤਰ ਸਨ। ਇਨ੍ਹਾਂ ਵਿੱਚੋਂ ਦਾਰਾ ਸਕੋਹ ਸਭ ਤੋਂ ਵੱਡਾ ਸੀ। ਬਾਦਸ਼ਾਹ ਇਸ ਨੂੰ ਬਹੁਤ ਚਾਹੁੰਦਾ ਸੀ, ਉਹ ਸੂਫੀ ਖਿਆਲਾਂ ਦਾ ਸੀ ਅਤੇ ਸੰਤਾਂ ਸਾਧਾਂ ਅਤੇ ਪੀਰਾਂਫਕੀਰਾਂ ਦੀ ਸੰਗਤ ਕਰਦਾ ਸੀ। ਇਸੇ ਕਰਕੇ ਗੁਰੂ ਹਰ ਰਾਇ ਨਾਲ ਵੀ ਉਸ ਦੀ ਨੇੜਤਾ ਸੀ। ਗੁਰੂ ਜੀ ਨੇ ਉਸ ਦੇ ਇਲਾਜ ਲਈ ਆਪਣੇ ਦਵਾਖਾਨੇ ਵਿਚੋਂ ਦਵਾਈਆਂ ਵੀ ਮੁਹੱਈਆ ਕਰਵਾਇਆ ਸਨ। ਉਸ ਦਾ ਦੂਸਰਾ ਪੁੱਤਰ ਸੁਜਾਅ ਮੁਹੰਮਦ ਬੰਗਾਲ ਦਾ ਗਵਰਨਰ ਸੀ, ਤੀਜਾ ਪੁੱਤਰ ਔਰੰਗਜ਼ੇਬ ਦੱਖਣ ਦਾ ਗਵਰਨਰ ਸੀ, ਚੌਥਾ ਬਖਸ਼ ਗੁਜਰਾਤ ਪ੍ਰਾਂਤ ਦਾ ਗਵਰਨਰ ਸੀ। ਸਰ ਜਾਦੂ ਨਾਥ ਸਰਕਾਰ 'ਹਿਸਟਰੀ ਆਫ਼ ਔਰੰਗਜ਼ੇਬ' ਵਿੱਚ ਵਰਣਨ ਕਰਦੇ ਹਨ ਕਿ ਸਤੰਬਰ ਦੇ ਪਹਿਲੇ ਹਫ਼ਤੇ ਸ਼ਾਹ ਜਹਾਨ ਬੀਮਾਰ ਪੈ ਗਿਆ। ਇਹ 1657 ਦਾ ਸਾਲ ਸੀ। ਬਾਦਸ਼ਾਹ ਹਰ ਰੋਜ਼ ਦਰਬਾਰ ਨਹੀਂ ਜਾ ਸਕਦਾ ਸੀ। ਉਹ ਝਰੋਖੇ ਜਾਂ ਬਾਲਕੋਨੀ ਵਿੱਚ ਵੀ ਦਰਸ਼ਨ ਨਹੀਂ ਦੇ ਸਕਦਾ ਸੀ। ਬਾਦਸ਼ਾਹ ਨੂੰ ਯਕੀਨ ਹੋ ਗਿਆ ਸੀ ਕਿ ਉਹ ਜ਼ਿਆਦਾ ਸਮਾਂ ਜਿਉਂਦਾ ਨਹੀਂ ਰਹਿ ਸਕੇਗਾ। ਇਸ ਲਈ ਉਸ ਨੇ ਇੱਕ ਵਸੀਅਤ ਤਿਆਰ ਕੀਤੀ ਜਿਸ ਵਿੱਚ ਦਾਰਾ ਸ਼ਿਕੋਹ ਵੱਡਾ ਪੁੱਤਰ ਰਾਜ ਭਾਗ ਦਾ ਮਾਲਕ ਬਣਨਾ ਸੀ। ਬਾਦਸ਼ਾਹ ਦੀ ਬਿਮਾਰੀ ਦੇ ਸਮੇਂ ਬਾਦਸ਼ਾਹ ਦੇ ਨਾਂ ਤੇ ਰਾਜ ਦਾ ਕੰਮ ਚਲਾਉਣ ਲਈ ਦਾਰੇ ਨੂੰ ਬੁਲਾਇਆ ਗਿਆ ਸ਼ਾਹਜਹਾਨ ਦੇ ਬਾਕੀ ਪੁੱਤਰ ਨੂੰ ਜਦੋਂ ਉਸ ਦੀ ਬਿਮਾਰੀ ਦੀ ਹਾਲਤ ਬਾਰੇ ਜਾਣੂ ਕਰਵਾਇਆ ਗਿਆ ਤਾਂ ਉਹ ਰਾਜ ਗੱਦੀ ਪ੍ਰਾਪਤ ਕਰਨ ਲਈ ਜ਼ੋਰ ਅਜ਼ਮਾਈ ਕਰਨ ਲੱਗੇ। ਉਹ ਸਾਰੇ ਬਾਲਗ ਸਨ ਅਤੇ ਵੱਖ ਵੱਖ ਪ੍ਰਾਂਤਾਂ ਦੇ ਸੂਬੇਦਾਰ ਗਵਰਨਰ ਹੋਣ ਕਰਕੇ ਉਨ੍ਹਾਂ ਕੋਲ ਤਾਕਤ ਦੇ ਸਾਰੇ ਸੋਮੇ ਸਨ। ਦਾਰਾ ਸ਼ਿਕੋਹ ਸ਼ਾਹ ਜਹਾਨ ਦਾ ਵੱਡਾ ਪੁੱਤਰ ਬੇਸ਼ੱਕ ਪੰਜਾਬ ਅਤੇ ਦਿੱਲੀ ਦਾ ਗਵਰਨਰ ਸੀ ਪਰ ਉਹ ਜਦੋਂ ਆਪਣੇ ਪਿਤਾ ਨਾਲ ਹੀ ਰਹਿੰਦਾ ਸੀ। ਇਸ ਸਮੇਂ ਵੀ ਉਹ ਸ਼ਾਹ ਜਹਾਨ ਦੇ ਨਾਲ ਆਗਰਾ ਵਿੱਚ ਸੀ ਕਿਉਂਕਿ ਬਾਦਸ਼ਾਹ ਨੂੰ ਆਬੋ ਹਵਾ ਦੀ ਤਬਦੀਲੀ ਲਈ ਅਕਤੂਬਰ 1657 ਈਸਵੀ ਵਿੱਚ ਆਗਰਾ ਜਾਣਾ ਪਿਆ ਸੀ।

94