ਪੰਨਾ:ਸਿੱਖ ਤੇ ਸਿੱਖੀ.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਢਾਏ, ਹਸੂੰ ਹਸੂੰ ਚਿਹਰੇ ਆਪ ਹੀ ਕੰਮ ਕੀਤਾ ਹੈ। ਪਾਪ ਦੀ ਜੰਞ ਚੜ੍ਹੀ ਹੋਈ ਸੀ। ਅੰਨ੍ਹੀ ਪਈ ਹੋਈ ਸੀ; ਕਿਸ ਨੂੰ ਕਹਿੰਦੇ? ਡੋਰਿਆਂ ਅੱਗੇ ਲੋਕ-ਹਿਤ ਦਾ ਰਾਗ ਗਉ ਕੇ ਕੀ ਫਾਇਦਾ ਸੀ? ਹਾਂ, ਆਪ ਨੇ ਓਸ ਨੂੰ ਕਿਹਾ, ਜਿਹੜਾ ਦੇਖਦਾ ਸੀ। ਓਸ ਨੂੰ ਸੁਣਾਇਆ, ਜਿਹੜਾ ਸੁਣ ਸਕਦਾ ਸੀ। ਓਸ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਨੂੰ ਤਾਅਨਾ ਮਾਰਿਆ, ਜਿਸਦੀ ਅਸਲੀ ਰਈਅਤ ਰੋ ਰਹੀ ਸੀ।

ਪਾਣੀ-ਪੱਤ ਦੇ ਮੈਦਾਨ ਵਿਚ, ਇਬਰਾਹੀਮ ਲੋਧੀ ਨੇ, ਲੰਬੀ ਪਈ ਇੰਟ ਦੇ ਵਾਂਗ, ਫੌਜ ਖਲਿਹਾਰ ਦਿੱਤੀ। ਬਾਬਰ ਹੋਰਾਂ ਤੋਪਾਂ ਨਾਲ ਉਡਾਈ ਕਰਕੇ, ਪਹਿਰਾਂ ਵਿਚ ਰਣ ਸਾਂਭ ਲਿਆ ਤੇ ਦਗੜ ਦਗੜ ਕਰਦੇ ਦਿੱਲੀ ਤੇ ਜਾ ਝੰਡਾ ਗੱਡਿਆ। ਬਾਦਸ਼ਾਹ ਨੂੰ ਹਿੰਦ ਦੇ ਦਰਿਆ ਮੈਦਾਨ ਭਾ ਗਏ। ਆਪਣਾ ਘਰ ਭੁਲ ਗਿਆ। ਨਿੱਤ ਦੇ ਡੇਰੇ ਲਾ ਲਏ। ਓਧਰ ਬਾਬਰ ਨੇ ਰਾਣਾ ਸਾਂਗਾ ਵਗੈਰਾ ਨੂੰ ਮਾਰਕੇ, ਰਾਜ ਵਧਾਇਆ, ਏਧਰ ਗੁਰਦੇਵ ਨੇ ਲੋਕਾਂ ਦੇ ਦਿਲਾਂ ਵਿਚ ਕਮਜ਼ੋਰੀ, ਬੇਅਣਖੀ ਤੇ ਝੂਠ ਦੇ ਔਗੁਣ ਦੱਸ, ਖਲਕਤ ਦਾ ਸੁਭਾ ਉਸਾਰਨਾ ਸ਼ੁਰੂ ਕਰ ਦਿਤਾ। ਦੋਵੇਂ ਧਿਰਾਂ ਆਪਣੇ ਆਪਣੇ ਆਹਰੇ ਲੱਗ ਗਈਆਂ।

ਬਾਦਸ਼ਾਹ ਬਾਬਰ ਗੁਜ਼ਰ ਗਿਆ। ਹਮਾਯੂੰ ਤਖਤ ਉੱਤੇ ਬੈਠਾ। ਸ਼ੇਰ ਸ਼ਾਹ ਸੂਰੀ ਨੇ ਅੱਗੇ ਲਾ ਲਿਆ। ਹੁਮਾਯੂੰ ਨੱਸਾ ਨੱਸਾ ਪੰਜਾਬ ਵਲ ਆਇਆ। ਬਿਆਸ ਟੱਪਿਆ। ਗੁਰੂ ਅੰਗਦ ਜੀ ਵਲ ਗਿਆ। ਆਪ ਆਪਣੇ ਧਿਆਨ ਵਿਚ ਮਗਨ ਸਨ। ਹਮਾਯੂੰ ਨੂੰ ਵਹਿਮ ਹੋਇਆ ਕਿ ਨਕਦਰੀ ਕੀਤੀ ਗਈ ਹੈ। ਮਿਆਨੋਂ ਤਲਵਾਰ ਧੂਹ ਲਈ। ਦੂਜੇ ਪਾਤਸ਼ਾਹ ਨੇ ਫੁਰਮਾਇਆ "ਚਲਣ ਵਾਲੀ ਥਾਂ ਤੇ ਤਲਵਾਰ ਚਲੀ ਨਹੀਂ। ਆਪਣਾ ਹੱਕ ਲੈਣ ਵਾਸਤੇ ਤੇ ਅੜਿਆ ਨਹੀਂ। ਬੇਮਤਲਬੀ ਤਲਵਾਰ ਖਿਚਣੀ ਕਮਜ਼ੋਰੀ ਹੈ, ਬਹਾਦਰੀ ਨਹੀਂ।' ਬਾਬੇ ਕਿਆਂ ਗੱਲ ਤਾਂ ਕੀਤੀ, ਜੇ ਬਾਬਰ ਕੇ ਬੇਸੁਰੇ ਸਿਰ ਤੇ ਚੜ੍ਹ ਆਏ। ਇਤਿਹਾਸ ਵਿਚ ਸੁਨਹਿਰੀ ਅੱਖਰ ਤਾਂ ਲਿਖੇ ਗਏ, ਜੇ ਬਾਬਰ ਕਿ ਲੋਹਿਆ ਚਮਕਾਣਾ ਚਾਹਿਆ। ਚਿੱਟੇ ਰੰਗ ਦੀ ਉਜਲਤਾਈ, ਤਾਂ ਵਾਹਵਾ ਚਮਕੀ, ਜੇ ਕਾਲਖ ਸਾਹਮਣੇ ਆਈ।੧੦