ਪੰਨਾ:ਸਿੱਖ ਤੇ ਸਿੱਖੀ.pdf/85

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਰੋਰਿਕ ਨੇ ਛੋਟੀਆਂ ਛੋਟੀਆਂ ਤਸਵੀਰਾਂ ਵਿਚ ਹਿਮਾਲੀਆ ਨੂੰ ਬੰਨ੍ਹ ਲਿਆ
ਹੈ, ਤਿਵੇਂ ਏਸ ਤੁਕ ਦੀ ਤਸਵੀਰ ਵਿਚ, ਭਾਵਾਂ ਦੇ ਮਹਾਨ ਹਿਮਾਲੀਏ ਨੂੰ
ਲਿਆਂਦਾ ਗਿਆ ਹੈ। ਗੰਗਾ ਦਰਿਆ ਨੂੰ ਦੇਖ, ਓਹਦੇ ਜਲ ਦੀਆਂ
ਖੂਬੀਆਂ ਨੂੰ ਪਰਖ ਕੇ ਅਸੀਂ ਕਹਿ ਦੇਂਦੇ ਹਾਂ, ਜਿਥੋਂ ਇਹ ਨਿਕਲਿਆ
ਹੈ, ਓਹ ਪਰਬਤ ਰੱਬੀ ਨਿਆਮਤਾਂ ਦਾ ਖਜ਼ਾਨਾ ਹੈ, ਇਵੇਂ ਹੀ
ਅਸੀਂ ਕਹਿ ਸਕਦੇ ਹਾਂ, ਜਿੱਥੋਂ ਤੁਕ ਦੀ ਧਾਰਾ ਨਿਕਲੀ, ਓਹ ਹਿਮਾਲੀਆ
ਕੀ, ਮਹਾ ਹਿਮਾਲੀਆ ਹੈ । ਧਾਰਾ ਕੀ ਹੈ, ਜੀਵਨ ਦਾ ਤੱਤ ਹੈ । ਮਨ
ਉਤੇ ਸਾਰੀ ਖੇਡ ਹੈ । ਮਨ ਦੀ ਸੁਰ ਆਪਣੇ ਨਾਲ ਮਿਲ ਗਈ ਤਾਂ ਗੱਲ
ਖਤਮ । ਫੇਰ ਤਾਂ ਸਮਝੋ ਜਗ ਜਿਤਿਆ ਗਿਆ। ਮਨ ਕੀ ਹੈ ? ਮਨ ਹੈ
'ਜੋਤਿ ਸਰੂਪ'। 'ਮਨ ਤੂੰ ਜੋਤਿ ਸਰੂਪ ਹੈ ਆਪਣਾ ਮੂਲ ਪਛਾਣ।' ਮਨ
ਏਧਰ ਓਧਰ ਹੋ ਜਾਂਦਾ ਹੈ, ਵਿਘਨ ਪੈਂਦਾ ਹੈ, ਜੀਵਨ ਬੇਰਸ ਹੋ ਜਾਂਦਾ
ਹੈ। ਸਤਿਗੁਰੁ ਸਮਝਾਂਦੇ ਹਨ 'ਓਇ ਤੂੰ ਤਾਂ ਜੋਤਿ ਸਰੂਪ ਹੈਂ ਆਪਣੇ
ਮੂਲ ਦਾ ਤੈਨੂੰ ਥਹੁ ਕਿਉਂ ਨਹੀਂ ਰਿਹਾ?' ਤੂੰ ਤਾਂ ਓਹੋ ਸ਼ੈ ਹੈਂ, ਜਿਸ ਨੂੰ
ਲੋਕ ਲੋਚਦੇ ਹਨ।" ਓਹਦੀ ਖ਼ੁਦੀ ਜਗਾਂਦੇ ਹਨ । ਖ਼ੁਦੀ ਨੂੰ ਪਿਆਰ ਤੇ
ਠਰ੍ਹੰਮੇ ਨਾਲ ਜਗਾਉਂਦੇ ਹਨ । ਖ਼ੁਦੀ ਵੀ ਜਰਮਨ ਫਿਲਾਸਫਰ ਨੇਸ਼ੇ ਦੀ
ਨਹੀਂ, ਜਿਸ ਨੇ ਜਰਮਨਾਂ ਦੇ ਦਿਮਾਗ ਵਿਚ ਅਜਿਹੀ ਫੂਕ ਮਾਰੀ, ਜਿਹਦੇ
ਕਰ ਕੇ ਭੜ ਕੁੜ ਕਰਦੀ ਅਗ਼ ਭੜਕੀ, ਜੋ ਸਾਰੀ ਕੌਮ ਤੇ ਦੇਸ਼ ਨੂੰ ਸਵਾਹ
ਕਰ ਗਈ ਤੇ ਦੁਨੀਆਂ ਨੂੰ ਝੁਲਸਾ ਗਈ। ਨੇਸ਼ੇ ਦੇ ਖਿਆਲ ਨਾਲ ਆਪਣੇ
ਆਪ ਨੂੰ ਉੱਚਾ ਸਮਝਣ ਲਗ ਪਏ ਤੇ ਦੂਜੀਆਂ ਕੌਮਾਂ ਨੂੰ ਨੀਵਾਂ ।
ਇਸ ਫਲਸਫੇ ਦਾ ਦੋਹਾਂ ਵੱਡਿਆਂ ਜੰਗਾਂ ਵਿਚ ਹਥ ਸੀ, ਖੈਰ ।
“ਮਨ ਤੂੰ ਜੋਤਿ ਸਰੂਪ ਹੈ।" ਤੂੰ ਸਭ ਕੁਝ ਹੈਂ। ਤੇਰਾ ਮੂਲ ਜੋਤਿ
ਹੈ ।ਓਹ ਜੋਤੀ ਹਰ ਵਿਚ ਜਗ-ਮਗਾ ਰਹੀ। ਇਸ ਤਰ੍ਹਾਂ ਸਭ ਦਾ ਮਨ
ਇਕੋ ਜਿਹਾ ਹੋਇਆ । ਕੌਮਾਂ,ਫਿਰਕੇ ਤੇ ਵਰਨਾਂ ਦਾ ਸਵਾਲ ਨਹੀਂ ਉਠਦਾ ।
ਮਨ ਤੂੰ ਆਪਣਾ ਮੂਲ ਪਛਾਣ । ਮੂਲ ਤੇਰਾ ਸਭ ਥਾਂ ਤੇ ਪ੍ਰਕਾਸ਼ ਕਰ
ਰਿਹਾ ਹੈ ਤੇ ਤੂੰ ਆਪਣੀ ਤਾਕਤ ਨਹੀਂ ਦੇਖਦਾ, ਆਪਣੀ ਕੀਮਤ ਨਹੀਂ
ਪਾਂਦਾ । ਆਪਣੇ ਆਪ ਨੂੰ ਭੁਲ ਗਿਆ ਹੈਂ। ਜੇ ਤੂੰ ਆਪਣੇ ਆਪ ਨੂੰ ਜਾਣ
੮੭