ਪੰਨਾ:ਸੁਨਹਿਰੀ ਕਲੀਆਂ.pdf/100

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੮੦

ਨਹੀਂ ਉਹ ਹੇਜਲਾ ਸੱਯਦਾਂ ਬ੍ਰਾਹਮਣਾਂ ਦਾ,
ਨਾਂ ਉਹ ਸ਼ੂਦਰਾਂ ਨਾਲੋਂ ਹੀ ਵੱਖ ਹੋਵੇ!
ਜ਼ਾਤ ਪਾਤ ਦੀਆਂ ਸੁਹਲ ਪਰਾਂਮ੍ਹਲਾਂ ਤੇ,
ਬੈਠੇ ਆਹਲਣੇ ਘੱਤ ਮਗ਼ਰੂਰ ਐਵੇਂ!
ਝੱਖੜ ਮੌਤ ਦੇ ਇੱਕੋ ਹੀ ਭੋਇਂ ਅੰਦਰ,
ਓੜਕ ਰੋਲਣੇ ਨੇ ਵਾਂਗਰ ਬੂਰ ਐਵੇਂ!
ਪਤਾ ਓਸ ਹਰ-ਥਾਵੇਂ ਦਾ ਕੀ ਪੁੱਛੇਂ,
'ਹਰਿ' ਹਰ ਸ਼ੈ ਅੰਦਰ ਓਹੋ ਟਹਿਕਦਾ ਏ!
ਕਿਤੇ ਫੁੱਲ ਬਣਕੇ ਝੂਟੇ ਟਹਿਣੀਆਂ ਤੇ,
ਬਣਕੇ ਵਾਸ਼ਨਾਂ ਕਿਤੇ ਉਹ ਮਹਿਕਦਾ ਏ!
ਕਿਤੇ ਭੌਰਾਂ ਦੇ ਵਿੱਚ ਏ ਮਸਤ ਫਿਰਦਾ,
ਕਿਤੇ ਬੁਲਬੁਲਾਂ ਵਿੱਚ ਉਹ ਚਹਿਕਦਾ ਏ!
ਕਿਤੇ ਦੀਵਿਆਂ ਵਿੱਚ ਪ੍ਰਕਾਸ਼ ਕਰਦਾ,
ਕਿਤੇ ਭੰਬਟਾਂ ਵਿੱਚ ਓਹ ਸਹਿਕਦਾ ਏ!
'ਸ਼ਰਫ਼' ਉਹਨੂੰ ਸੁਜਾਖਿਆਂ ਕੌਣ ਆਖੇ,
ਉਹਦੇ ਮੱਥੇ ਜੋ ਮੜ੍ਹੇ ਕਸੂਰ ਐਵੇਂ!
ਉਹ ਤੇ ਘੰਡੀਓਂ ਵੀ ਨੇੜੇ ਵੱਸਦਾ ਏ,
ਲੋਕੀ ਲੱਭਦੇ ਰਹਿੰਦੇ ਨੇ ਦੂਰ ਐਵੇਂ!