ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੮੧)
ਮਾਂ ਤੇ ਬੱਚਾ
ਮੇਰੇ ਹੀਰਿਆ ਡੋਲ੍ਹਦਾ ਡਲਕਦਾ ਈ,
ਏਸੇ ਲਟਕ ਸੁਹਾਵਣੀ ਨਾਲ-ਆ ਜਾ!
ਭਰ ਭਰ ਮੋਤੀਆਂ ਦੇ ਥਾਲ ਵੰਡ ਦੇਵਾਂ,
ਹੱਸ ਹੱਸ ਕੇ ਹੰਸ ਦੀ ਚਾਲ-ਆ ਜਾ!
ਜਾਵੇ ਮਾਂ ਘੋਲੀ ਏਸ ਹੰਬਲੇ ਤੋਂ,
ਹੋਰ ਮਾਰ ਇੱਕ ਨਿੱਕੀ ਜਹੀ ਛਾਲ-ਆ ਜਾ!
ਚੀਜੋ ਦਿਆਂ ਤੈਂਨੂੰ ਨਾਲੇ ਗੇਂਦ ਦੇਵਾਂ,
ਆ ਆ ਛੇਤੀ ਮੇਰੇ ਲਾਲ-ਆ ਜਾ!
ਘੁੱਟ ਘੁੱਟ ਕੇ ਹਿੱਕ ਦੇ ਨਾਲ ਲਾਵਾਂ,
ਗਲੇ ਵਿੱਚ ਪਾਵਾਂ ਬਾਹਾਂ ਖੁੱਲ੍ਹੀਆਂ ਨੂੰ!
ਘੁੱਟ ਅੰਮ੍ਰਿਤਾਂ ਦੇ 'ਸ਼ਰਫ਼' ਪੀ ਜਾਵਾਂ,
ਚੁੰਮ ਚੁੰਮ ਕੇ ਸੋਹਣੀਆਂ ਬੁੱਲ੍ਹੀਆਂ ਨੂੰ!