ਪੰਨਾ:ਸੁਨਹਿਰੀ ਕਲੀਆਂ.pdf/99

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੭੯ )

ਅਪਰ ਰਹਿਬਰੋਂ ਬਾਝ ਜੇ ਲੱਭ ਜਾਂਦਾ,
ਉਹਦੇ ਮਿਲਣ ਦਾ ਰਾਹ ਦਸਤੂਰ ਐਵੇਂ!
ਮੋਰਛਲ ਕਿਉਂ ਝੱਲਦਾ ਕਦੀ ਬਾਲਾ?
ਫੜਦਾ ਕਿਉਂ ਮਰਦਾਨਾ ਤੰਬੂਰ ਐਵੇਂ?
ਉਹਦੇ ਹੁਸਨ ਦਾ ਦਾਰੂ ਏ ਤੇਜ ਐਸਾ,
ਆਸ਼ਕ ਵੇਂਹਦਿਆਂ ਸਾਰ ਬੇਹੋਸ਼ ਹੁੰਦਾ!
ਸੀਸ ਕਿਸੇ ਦਾ ਉੱਡਦਾ ਵਾਂਗ ਖਿੱਦੋ,
ਵੱਖ ਕਿਸੇ ਦੇ ਪਿੰਡੇ ਤੋਂ ਪੋਸ਼ ਹੁੰਦਾ ਹੈ!
ਓਭੜ ਜੱਗ ਤੇ ਲੂਤੀਆਂ ਲਾਉਂਣ ਜਿਉਂ ਜਿਉਂ,
ਤਿਉਂ ਤਿਉਂ ਦੂਣਾਏ ਇਸ਼ਕ ਦਾ ਜੋਸ਼ ਹੁੰਦਾ!
ਮੋਤੀ ਭੇਦ ਦਾ ਸਾਂਭਕੇ ਰੱਖਦਾ ਉਹ,
ਜਿਹੜਾ ਸਿੱਪ ਵਾਂਗੂੰ ਪੜਦਾ ਪੋਸ਼ ਹੁੰਦਾ!
ਫ਼ਤਵਾ ਲਾਕੇ ਸ਼ਰ੍ਹਾ ਮੁਹੰਮਦੀ ਨੇ,
ਸੂਲੀ ਚਾੜ੍ਹਿਆ ਨਹੀਂ ਮਨਸੂਰ ਐਵੇਂ!
ਓਸ ਫੁੱਲ ਇਲਾਹੀ ਦੀ ਵਾਸ਼ਨਾ ਨੂੰ,
ਖੋਹਲਣ ਲੱਗਾ ਸੀ ਵਾਂਗ ਕਾਫੂਰ ਐਵੇਂ!
ਓਹਨੂੰ ਚੌਧਵੀਂ ਰਾਤ ਦੇ ਚੰਨ ਵਾਂਗੂੰ,
ਸਾਵਾਂ ਸਾਰੇ ਜਹਾਨ ਦਾ ਪੱਖ ਹੋਵੇ।
ਭਾਵੇਂ ਸ਼ਾਹੀ ਮਹੱਲ ਦੀ ਹੋਏ ਬੂਬੀ,
ਭਾਵੇਂ ਮੰਗਤੇ ਦੀ ਝੁੱਗੀ ਦਾ ਕੱਖ ਹੋਵੇ!
ਉਹਦੇ ਜ਼ੱਰੇ ਨੂੰ ਕਦੀ ਜੇ ਚੁਭੇ ਛਿਲਤਰ,
ਅੰਨ੍ਹੀ ਗ੍ਰਹਿਣ ਵਿੱਚ ਸੂਰਜ ਦੀ ਅੱਖ ਹੋਵੇ