ਪੰਨਾ:ਸੁਨਹਿਰੀ ਕਲੀਆਂ.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੮)

ਰੰਗ ਓਸ ਲਲਾਰੀ ਦੇ ਕੌਣ ਗਾਖੇ,
ਜਿਸਦੀ ਲੀਲ੍ਹਾ ਦਾ ਅੰਤ ਨਾਂ ਆਂਵਦਾ ਏ!
ਬਣਕੇ ਬੰਸੀ ਉਹ ਕਿਤੇ ਕ੍ਰਿਸ਼ਨ ਜੀ ਦੀ,
ਰਾਧਾਂ ਜਹੀਆਂ ਨੂੰ ਪਿਆ ਤੜਫਾਂਵਦਾ ਏ!
ਪੜਦੇ ਪਾਂਵਦਾ ਕਿਤੇ ਦਰੋਪਦੀ ਤੇ,
ਕਿਤੇ ਥੰਮ੍ਹ ਚੋਂ ਦਰਸ ਦਿਖਾਂਵਦਾ ਏ!
ਕਿਤੇ ਜੱਟ ਦੀ ਅੜੀ ਤੇ ਨਿਉਂ ਨਿਉਂ ਕੇ,
ਭੋਜਨ ਪੱਥਰ ਨੂੰ ਪਿਆ ਖੁਆਂਵਦਾ ਏ!
ਕਿਤੇ ਭਗਤ "ਸ੍ਰਿੰਗੀ" ਜਹੇ ਰਿਖੀਆਂ ਦੇ,
ਦੇਵੇ ਡੋਬ ਤਪੱਸਯਾ ਦੇ ਪੂਰ ਐਵੇਂ!
ਕਿਧਰੇ ਸੱਜਨ ਜਹੇ ਠੱਗਾਂ ਦਾ ਬਨ ਸੱਜਨ,
ਕਰਦਾ ਭਗਤੀਆਂ ਨਾਲ ਭਰਪੂਰ ਐਵੇਂ!
ਕਿਸੇ ਵੈਦ ਦੇ ਕਦੀ ਨਾਂ ਹੋਣ ਅੱਝੇ,
ਫਟੇ ਹੋਏ ਜੋ ਓਸਦੇ ਬਾਣ ਦੇ ਨੇ!
ਪੋਰੀ ਪੋਰੀ ਕਟਵਾਕੇ ਦੇਹ ਪਿਆਰੀ,
ਮੌਜ ਓਸਦੀ ਗਲੀ ਵਿੱਚ ਮਾਣਦੇ ਨੇ!
ਕਈ ਓਸ ਨੂੰ ਜੱਗ ਦੀਆਂ +ਕੂਹਮਤਾਂ ਚੋਂ,
ਚੜ੍ਹਕੇ ਚਰਖ਼ੀਆਂ ਉੱਤੇ ਪਛਾਣਦੇ ਨੇ!
ਤੱਤੀ ਲੋਹ ਨੂੰ ਕਈ ਉਹਦੀ ਦੀਦ ਬਦਲੇ,
ਸੇਜ ਸ੍ਵਰਗ ਦੇ ਫੁੱਲਾਂ ਦੀ ਜਾਣਦੇ ਨੇ!

+ਭੀੜ ਭੜੱਕਾ