ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/140

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੨੦)

ਕਸ਼ਮੀਰ ਦਾ ਹੁਸਨ

ਮੱਖਣ ਮੈਦੇ, ਸੰਧੂਰ ਨੂੰ ਗੋ ਗੋ ਕੇ,
ਪੁਤਲਾ ਢਾਲਿਆ ਓਹਦੇ ਖ਼ਮੀਰ ਦਾ ਏ !
ਲੁਸ ਲੁਸ ਕਰੇ ਪਿੰਡਾ ਹੱਡ ਕਾਠ ਖੁੱਲ੍ਹੇ,
ਮਾਸ ਗੁੱਤਿਆ ਹੋਯਾ ਸਰੀਰ ਦਾ ਏ !
ਤਿੱਖੇ ਨੈਨ ਕਟਾਰੀ ਦੀ ਧਾਰ ਵਾਂਗੂੰ,
ਨੱਕ ਰੱਖਿਆ ਨੁੱਕਾ ਸ਼ਮਸ਼ੀਰ ਦਾ ਏ !
ਗੁੱਤਾਂ ਕਾਲੀਆਂ ਕਾਲੀਆਂ ਮਗਰ ਪਿਛੇ,
ਜੂੜਾ ਸੁੱਟਿਆ ਹੋਯਾ ਜ਼ੰਜੀਰ ਦਾ ਏ !
ਸੱਚ ਪੁੱਛੋ ਤੇ ਵੱਟਿਆ ਗਿਆ ਰੱਸਾ,
ਏਥੇ ਆਣ ਅਮੀਰ ਨੂੰ ਫ਼ਕੀਰ ਦਾ ਏ !
ਕਰੇ ਪ੍ਯਾਰ ਉਹ ਜ਼ੁਲਫ਼ ਦੇ ਕੁੰਡਲਾਂ ਨੂੰ,
ਫੇਰ ਪੈ ਗਿਆ ਜਿਨੂੰ ਤਕਦੀਰ ਦਾ ਏ!
ਸਿੱਧੇ ਚੀਰ ਦਾ ਵੱਜਦਾ ਤੀਰ ਜਿਸਨੂੰ,
ਪਰਬਤ ਗਰਮੀਆਂ ਵਿੱਚ ਓਹ ਚੀਰ ਦਾ ਏ !
ਚੌੜੇ ਮੱਥੇ ਤੇ ਭਾਗ ਦੀ ਸਤਰ ਨਿੰਮ੍ਹੀਂ,
ਰੋਜ਼ਨਾਮਚਾ ਸ਼ਾਹੀ ਫ਼ਕੀਰ ਦਾ ਏ !
ਕਾਲੇ ਤਿਲ ਪਾ ਰੱਬ ਨੇ ਮੁੱਖੜੇ ਤੇ,
ਖ਼ੱਤਾ ਬੀਜਿਆ ਹੁਸਨ ਜਾਗੀਰ ਦਾ ਏ !