ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੧੨੮ )
ਤੁਸੀਂ ਯੂਨਸ ਨੂੰ ਮੱਛੀ ਦੇ ਪੇਟ ਵਿੱਚੋਂ,
ਬਾਹਰ ਸਹੀ ਸਲਾਮਤ ਕਢਾਉਣ ਵਾਲੇ!
ਸੁਲੇਮਾਨ ਪੈਗੰਬਰ ਨੂੰ ਤੁਸੀਂ ਮੁੜਕੇ,
ਓਦੋ ਤਖ਼ਤ ਹਵਾਈ ਦਿਵਾਉਣ ਵਾਲੇ!
ਕੱਢ ਖੂਹ ਚੋਂ ਵੇਚ ਬਜ਼ਾਰ ਅੰਦਰ,
ਤੁਸੀ ਯੂਸਫ ਨੂੰ ਤਾਜ ਪਹਿਨਾਉਣ ਵਾਲੇ !
ਕਿਰਮ ਖਾਧੇ ਆਯੂਬ ਦੇ ਬਦਨ ਉੱਤੇ,
ਤੁਸੀ ਫੇਰ ਹੋ ਕਰਮ ਫ਼ਰਮਾਉਣ ਵਾਲੇ!
ਹਜ਼ਰਤ ਈਸਾ ਨੂੰ ਕੱਢ ਕੇ ਦੁਸ਼ਮਨਾਂ ਚੋਂ,
ਤੁਸੀ ਚੌਥੇ ਅਸਮਾਨ ਪੁਚਾਉਣ ਵਾਲੇ!
ਸੱਦ ਹਜ਼ਰਤ ਮੁਹੰਮਦ ਨੂੰ ਅਰਸ਼ ਉੱਤੇ,
ਰੁਤਬਾ ਖ਼ਾਕ ਦਾ ਤੁਸੀ ਵਧਾਉਣ ਵਾਲੇ!
ਹਿੰਦੂ:-ਲੱਜ ਪਾਲ ਹੋ ਤੁਸੀ ਨਾਰਾਇਣ ਐਸੇ,
ਇੰਦਰ ਕੋਲੋਂ ਗਵਾਲੇ ਬਚਾਉਣ ਵਾਲੇ!
ਪ੍ਰਹਿਲਾਦ ਨੂੰ ਭੀ ਦੀਨਾ ਨਾਥ ਸਚੇ,
ਤੁਸੀ ਥੰਮ੍ਹ ਚੋਂ ਦਰਸ਼ਨ ਦਿਖਾਉਣ ਵਾਲੇ!
ਨਰਸੀ ਭਗਤ ਦੀ ਭੀ ਸਾਵਲ ਸ਼ਾਹ ਬਣਕੇ,
ਰਾਮ ਨਾਮ ਦੀ ਹੁੰਡੀ ਤਰਾਉਣ ਵਾਲੇ!
ਨਾਰੀ ਗੋਤਮ ਦੀ ਪੱਥਰ ਹੋ ਗਈ ਹੋਈ ਨੂੰ,
ਆਦਮ ਰੂਪ ਵਿੱਚ ਤੁਸੀ ਲਿਆਉਣ ਵਾਲੇ!
ਕਰਕੇ ਦਿਆਲਤਾ ਬ੍ਰਹਮਾ ਦੇ ਵੇਦ ਸਾਰੇ,
ਹੇ ਪ੍ਰਮਾਤਮਾ ! ਤੁਸੀ ਲਭਾਉਣ ਵਾਲੇ!