ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੪੬)
ਕੁਫ਼ਰ ਤੋੜਾਂ ਗੇ ਤੇਰੇ ਸਭ ਯਾਦ ਰਖੀਂ,
ਅਸੀ ਹਾਂ ਆਸ਼ਕ ਮੁਸਲਮਾਨ ਤੇਰੇ ।
ਹੁਣ ਤੂੰ ਦੀਦ ਭੀ ਦੇਵੇਂ ਯਾ ਨਾਂ ਦੇਵੇਂ,
ਪਿਆਰੇ ਸਮਝੀਏ ਬਹੁਤ ਅਹਸਾਨ ਤੇਰੇ ।
ਰਸ਼ਕੇ ਹੂਰ ਗ਼ਰੂਰ ਵਿੱਚ ਰਹੋ ਨਾਹੀਂ,
ਕਦਰ ਦਾਨ ਨਾਂ ਕਿਤੇ ਮਰ ਜਾਨ ਤੇਰੇ ।
ਦਿੱਲਬਰ ਜ਼ਰਾ ਝਰੋਕਿਓਂ ਵੇਖ ਤੇ ਸਹੀ,
ਕੀਕਰ ਤੜਫ਼ਦੇ ਨੇ ਨੀਂਮ ਜਾਨ ਤੇਰੇ।
(੨)
ਸ਼ੀਰੀਂ ਲਭ ਪਹਾੜ ਜਹੀ ਰਾਤ ਕਾਲੀ,
ਅਸੀ ਵਾਂਗ ਫ਼ਰਹਾਦ ਦੇ ਕਟਨੇ ਹਾਂ।
ਤੇਰੀਆਂ ਮੇਡੀਆਂ ਗੁੰਦੀਆਂ ਯਾਦ ਕਰਕੇ,
ਖਾ ਖਾ ਪੇਚ ਤੇ ਫਾਂਸੀਆਂ ਵਟਨੇ ਹਾਂ।
ਚਿੱਟੇ ਦੰਦ ਤੇਰੇ ਦਾਨੇ ਮੋਤੀਆਂ ਦੇ,
ਕਰ ਕਰ ਯਾਦ ਤੇ ਹੀਰੇ ਪਏ ਚਟਨੇ ਹਾਂ।
ਦਿੱਨ ਚੜ੍ਹੇ ਤੇ ਨਾਲ ਦੀਵਾਰ ਤੇਰੀ,
ਮਾਰ ਟਕਰਾਂ ਸੀਸ ਨੂੰ ਫਟਨੇ ਹਾਂ ।
ਮਜ਼ੇ ਦਰਦ ਮੁਹਬਤ ਦੇ ਦੇਨ ਵਾਲੇ,
ਸਦਕੇ ਹੋ ਹੋ ਜਾਈਏ ਕੁਰਬਾਨ ਤੇਰੇ।
ਦਿੱਲਬਰ ਜ਼ਰਾ ਝਰੋਕਿਓਂ ਵੇਖ ਤੇ ਸਹੀ,
ਕੀਕਰ ਤੜਫ਼ਦੇ ਨੇ ਨੀਂਮ ਜਾਨ ਤੇਰੇ।