ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੫੪)
ਸਿੱਖਾਂ ਦੇ ਸਰੀਰਾਂ ਨੂੰ ਹੈ ਮਿੱਟੀ ਕੇਹੜੀ ਲੱਗੀ ਹੋਈ,
ਕਿਹੜੇ ਸੋਚ ਵਿੱਚ ਇਹ ਬਣਾਏ ਹੋਇ ਨੇ ਢਾਲਕੇ?
ਪਿਛ੍ਹਾਂ ਭੀ ਇਹ ਹਟਦੇ ਨਹੀਂ ਉਂਞ ਭੀ ਇਹ ਘਟਦੇ ਨਹੀਂ,
ਅੱਕਦੇ ਨਹੀਂ ਥੱਕਦੇ ਨਹੀਂ ਖੂਹਣੀਆਂ ਭੀ ਗਾਲਕੇ!
ਅਜੇ ਤੀਕ ਮੱਤੇ ਹੋਏ ਅੱਖੀਆਂ ਉਘੇੜਦੇ ਨਹੀਂ,
ਸੁੱਸਰੀ ਦੇ ਵਾਂਗ ਸਾਡੇ ਦਿਲਾਂ ਨੂੰ ਸਵਾਲਕੇ!
ਪਰਾਂ ਤੋਂ ਪਿਆਦੇ ਭੀ ਇਹ ਜੁਧ ਵਿੱਚ ਹੀ ਬਦੇ ਨਹੀਂ,
ਮੁੱਕ ਗਏ ਖਜ਼ਾਨੇ ਸਾਡੇ ਕੋਤਲਾਂ ਨੂੰ ਪਾਲਕੇ!
ਮੁੱਠ ਮੁੱਠ ਛੋਲਿਆਂ ਤੇ ਜਾਨ ਪਏ ਵਾਰਦੇ ਨੇ,
ਵੇਖੋ ਅਸੀਂ ਉੱਜੜੇ ਹਾਂ ਬੱਕਰੇ ਖਵਾਲਕੇ?
ਅੱਗੋਂ ਇਹ ਜਵਾਬ ਦਿੱਤਾ ਰਾਜੇ ਅਜਮੇਰ ਚੰਦ,
ਲੰਮੇ ਸਾਰੇ: ਹਾਉਕੇ ਲੈ ਤਨ ਮਨ ਜਾਲਕੇ!
'ਕੀ ਮੈਂ ਦੱਸਾਂ ਖਾਂ ਸਾਹਿਬ! ਇਹਨਾਂ ਨੂੰ ਕੀ ਕਰ ਦਿੱਤਾ,
ਪੰਜ ਪੰਜ ਘੁਟ ਪਾਣੀ ਗੁਰੂ ਨੇ ਪਿਆਲਕੇ?
'ਚਾੜ੍ਹ ਦਿੱਤੀ ਪਾਣ ਕੋਈ ਜਗ ਕੋਲੋਂ ਵੱਖਰੀ ਹੀ,
ਤਿੱਖਾ ਜਿਹਾ ਖੰਡਾ ਵਿੱਚ ਲੋਹੇ ਦਾ ਹੰਗਾਲਕੇ!'
'ਸ਼ਰਫ' ਅਜੇ ਵੇਖਿਆ ਕੀ ਦੋਸ਼ ਹੈ ਤੂੰ ਸੁਰਿਆਂ ਦਾ,
ਛੋਲਿਆਂ ਦੇ ਵਾਂਗ ਫੌਜਾਂ ਜਾਣ ਉਬਾਲਕੇ!
-0-