ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
(੧੯੩)
ਘੜਿਆਲ
ਜੱਗ ਜ਼ਮਾਨੇ ਹੱਥੋਂ-ਅੜਿਆ,
ਇਕ ਦਿਨ ਹੈਸਾਂ ਡਾਢਾ ਸੜਿਆ,
ਮੇਹਣੇ ਲਾ ਲਾ ਦਿਲ ਨੂੰ ਘੜਿਆ,
ਬੇ ਕਦਰਾਂ ਦੀ ਕੁੱਛੀਂ ਵੜਿਆ,
ਢਾਹੀ ਢਾਰਸ ਤੋੜੀਆਂ ਆਸਾਂ।
ਡੁੱਬ ਗਿਆ ਮੈਂ ਵਿੱਚ ਕਿਆਸਾਂ।
ਲਾਇਆ 'ਜਿਹਾ ਸਬੱਬ ਖ਼ੁਦਾ ਨੇ,
ਮਿਲਣ ਗਿਆ ਮੈਂ ਇਕ ਨੂੰ ਥਾਣੇ,
ਰੁਤ ਗਰਮੀਂ ਦੀ ਭੁੰਨੇ ਦਾਣੇ
ਭੁਰਜੀ ਹੁੰਦੇ ਪੱਤ ਪੁਰਾਣੇ,
ਲੁਕੇ ਜਨੌਰ ਰੁੱਖਾਂ ਤੇ ਹੌਂਕਣ।
ਵਾਂਗ ਲੁਹਾਰਾਂ ਖੱਲਾਂ ਧੌਂਕਣ।
ਪੁੱਛ ਪਛਾ ਕੇ ਸਾਰੇ ਟੀਚੇ,
ਜਾ ਬੈਠਾ ਮੈਂ ਵਿੱਚ ਬਗੀਚੇ,
ਘਾਹ ਵਿਛਾਏ ਹਰੇ ਗ਼ਲੀਚੇ,
ਭੇਤ ਖੋਲ੍ਹੇ ਸਨ ਸਾਰੇ ਪੀਚੇ,
ਕੁਦਰਤ ਕੀਤੀ ਅਜਬ ਲਿਖਾਈ।
ਤਿੜ ਤਿੜ ਦੀ ਸੀ ਸਤਰ ਬਨਾਈ।