ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
(੨੦੯)
ਕੋਲੇ ਰੱਖ ਹੁਣ ਦੁਨੀਆਂ ਚਾਰੀ,
ਸਾਡੀ ਹੋ ਗਈ ਕੂਚ ਤਿਆਰੀ!
ਲੇਖ ਮਿਰੇ ਸਨ ਵੱਸ ਨ ਤੇਰੇ!
ਹਿਰਖ ਰਿਹਾ ਇਕ ਮਨ ਵਿਚ ਮੇਰੇ!
ਮਾਂ ਬਹਾਰ ਮੈਨੂੰ ਨਿਜ ਜਣਿਆਂ,
ਹਾਰ ਹੋਈ ਨਾ ਸਿਹਰਾ ਬਣਿਆਂ,
ਨਾ ਕੋਈ ਪਰਿਹਾ ਡਿੱਠੀ ਰਜਕੇ!
ਗੁਲਦਸਤੇ ਵਿਚ ਗਈ ਨਾਂ ਸਜਕੇ!
ਬਣਕੇ ਅਤਰ ਨਾ ਪਹੁੰਚੀ ਹੱਟੀ,
ਨਾ ਮੈਂ ਅਹੁਰ ਕਿਸੇ ਦੀ ਕੱਟੀ!
ਨਾ ਮੈਂ ਹੱਸੀ ਕਿਸੇ ਹਸਾਈ,
ਵਾ ਨਾ ਮੇਰੇ ਅੰਗਣ ਆਈ!
ਨਾ ਮੈਂ ਰੱਤੀ ਤਲੀ ਵਿਖਾਈ,
ਭੌਰਾਂ ਤੋਂ ਨਾ ਫ਼ਾਲ ਕਢਾਈ!
ਬੁਲਬੁਲ ਕੋਲੋਂ ਸਬਕ ਜੇ ਪੜ੍ਹਦੀ,
ਤਾਂ ਮੈਂ ਗੋਰ ਸਮਾਧੇ ਚੜ੍ਹਦੀ!
ਜਦ ਮੈਂ ਕੀਤੀ ਬਹੁੜੀ ਬਹੁੜੀ,
ਓਦੋਂ ਤੈਨੂੰ ਕੁਝ ਨਾ ਅਹੁੜੀ!
ਹੁਣ ਤੂੰ ਏਡਾ ਹੇਜ ਵਿਖਾਵੇਂ,
ਮਰਦੀ ਦੇ ਮੂੰਹ ਪਾਣੀ ਪਾਵੇਂ,
ਜਿਉਂ ਜਿਉਂ ਡੋਬੇਂ ਜੀਊੜਾ ਤਰਦਾ,
ਪਰ ਨਹੀਂ ਚਿੱਤ ਵਿਛੋੜਾ ਜਰਦਾ!