( ੨੭੦)
ਅਗ੍ਹਾਂ ਜਾਕੇ ਫੇਰ ਡਿੱਠਾ ਦੇਵਤਾ ਪ੍ਰੇਮ ਦਾ ਮੈਂ,
ਸੋਹਣੇ ਸੋਹਣੇ ਨਿੱਕੇ ਜਿੰਨੇ ਬਾਲ ਦੇ ਉਭਾਰ ਵਿੱਚ ।
ਅੱਖਾਂ ਤੋਂ ਨਦਾਰ ਅੰਨ੍ਹਾ ਫੜਕੇ ਕਮਾਨ ਹੱਥ,
ਤੀਰ ਪਿਆ ਮਾਰਦਾ ਸੀ ਦਿਲਾਂ ਦੇ ਪਸਾਰ ਵਿੱਚ।
ਅਕਲਾਂ ਦਾ ਦੇਵਤਾ ਬਿਰਾਜਦਾ ਨਿਗਾਹ ਪਿਆ,
ਮੱਥੇ ਤੇ ਅੰਗੂਠ ਰੱਖ ਡੁੱਬਿਆ ਵਿਚਾਰ ਵਿੱਚ।
ਦੇਵੀ ਇਲਮ ਵਿੱਦ੍ਯਾ ਦੀ ਬੈਠੀ ਅੱਗੇ ਜਾ ਵੇਖੀ,
ਸੌ ਸੌ ਨੁਕਤੇ ਲੁਕੇ ਹੋਏ ਤਿਲਾਂ ਦੀ ਨੁਹਾਰ ਵਿੱਚ।
ਕਾਲੇ ਜਹੇ ਦੁਪੱਟੜੇ ਦਾ ਪੱਲਾ ਪਾਕੇ ਮੂੰਹ ਉੱਤੇ,
ਬਰਖਾ ਦੇਵੀ ਰੋਂਵਦੀ ਸੀ ਆਪਣੀ ਬਹਾਰ ਵਿੱਚ।
ਫੁੱਲ ਦਾ ਬਣਾਯਾ ਤਖਤ, ਤਾਜ ਸੀ ਉਦਾਸੀਆਂ ਦਾ,
ਵੇਖਿਆ ਬਸੰਤ ਰਾਜਾ ਖਿੜੀ ਗੁਲਜ਼ਾਰ ਵਿੱਚ ।
ਜ਼ੁਹਦ ਤੇ ਤਪੱਸਿਆ ਦੀ ਦੇਵੀ ਅਗ੍ਹਾਂ ਜਾ ਵੇਖੀ,
ਕੁੱਲੀ ਘੱਤੀ ਕਾਨਿਆਂ ਦੀ ਰੱਬ ਦੇ ਪਿਆਰ ਵਿੱਚ।
ਪਰੀ ਰਾਗ ਵਿੱਦ੍ਯਾ ਦੀ ਅੰਤ ਬੈਠੀ ਜਾ ਡਿਠੀ,
ਖਿੰਡੇ ਹੋਏ ਪਰ ਓਹਦੇ ਜੱਗਦੇ ਖਲਾਰ ਵਿੱਚ।
ਸੱਤੇ ਸੁਰਾਂ ਬੰਨ੍ਹਕੇ ਸਨ ਓਸਨੇ ਬਹਾਈਆਂ ਹੋਈਆਂ,
ਡਾਢੇ ਈ ਪ੍ਰੇਮ ਨਾਲ ਆਲੀ ਸਰਕਾਰ ਵਿੱਚ।
ਹੁਕਮ ਜਦੋਂ ਚਾੜ੍ਹ ਦਿੱਤਾ ਦਿਲ ਹੁਰਾਂ ਅੱਖੀਆਂ ਤੇ,
ਹੱਥਾਂ ਦੀਆਂ ਉਂਗਲਾਂ ਜਾ ਬੈਠੀਆਂ ਸਤਾਰ ਵਿੱਚ।
ਸੌ ਸੌ ਨੈਂ ਵਗ ਪਈ ਦਰਦ ਦੇ ਵਿਯੋਗ ਵਾਲੀ,
ਤਾਰਿਆਂ ਦੇ ਕੇਸਾਂ ਜਹੀ ਇੱਕ ਇੱਕ ਤਾਰ ਵਿੱਚ।