(੨੭੧)
ਤਾਰ ਤਾਰ ਬੋਲੀ ਕਰਤਾਰ ਤੂੰਹੀਂ ਤਾਰਨ ਵਾਲਾ,
ਜਾਪਦਾ ਨਹੀਂ ਗੁਣ ਕੋਈ ਏਸ ਔਗਣਹਾਰ ਵਿੱਚ।
ਹੁਸਨ ਤੇ ਹਕੂਮਤ ਦੇ ਕਲੇਜੇ ਓਨ੍ਹੇ ਕੱਢ ਲੀਤੇ,
ਮਾਰੀ ਇੱਕ ਤਾਨ ਐਸੀ ਖਿੱਚ ਕੇ ਮਲ੍ਹਾਰ ਵਿੱਚ।
ਬੂਹੇ ਖੁੱਲ੍ਹੇ ਸੁਰਗਾਂ ਦੇ ਭਗਤੀਆਂ ਨੂੰ ਨਜ਼ਰ ਆਏ,
ਮੈਲ ਭਿੰਨੀ ਗੋਦੜੀ ਦੇ ਪਾਟੇ ਹੋਏ ਲੰਗਾਰ ਵਿਚ।
ਪੱਥਰਾਂ ਦੇ ਕਾਲਜੇ ਵੀ ਪਾਣੀ ਹੋਕੇ ਵਹਿਣ ਲੱਗੇ,
ਨਿੱਕੀ ਨਿੱਕੀ ਕੈਂਸੀਆਂ ਦੀ ਮਿੱਠੀ ਟੁਨਕਾਰ ਵਿੱਚ।
ਅਰਸ਼ ਸਣੇ ਅੰਬਰਾਂ ਦੇ ਖੀਵਾ ਹੋਕੇ ਝੂਲਦਾ ਸੀ,
ਦੇਵਤੇ ਵਿਚਾਰੇ ਹੈਸਨ ਭਲਾ ਕਿਹੜੀ ਡਾਰ ਵਿੱਚ।
ਤਾਰਿਆਂ ਅੰਗਿਯਾਰਿਆਂ ਤੇ ਨੱਚ ਨੱਚ ਕਹਿਣ ਲੱਗੀ,
+ਜ਼ੁਹਰਾ ਵੀ ਏ ਮਸਤ ਹੋਕੇ ਉੱਚੀ ਜਹੀ ਪੁਕਾਰ ਵਿੱਚ।
ਕਾਗ ਹੈ ਬਨੇਰੇ ਬੈਠਾ ਦੌਲਤਾਂ ਹਕੂਮਤਾਂ ਦਾ,
ਉੱਡ ਜਾਵੇ ਹੁਸਨ ਵੀ ਇੱਕੋ ਹੀ ਬੁਖ਼ਾਰ ਵਿੱਚ।
ਹੁਸਨ ਤੇ ਹਕੂਮਤ ਕੋਲੋਂ ਚੰਗੀ ਰਾਗ ਵਿੱਦਯਾ ਏ,
ਤੈਨੂੰ ਆਖਾਂ ਬੰਦਿਆ ਮੈਂ ਲੱਖ ਤੇ ਹਜ਼ਾਰ ਵਿੱਚ।
ਓਨ੍ਹਾਂ ਦੋਹਾਂ ਵਿੱਚੋਂ ਈ ਜੇ ਇੱਕ ਨੂੰ ਤੂੰ ਲੋੜਨਾ ਏਂ,
ਵਰ ਲੈ ਹਕੂਮਤ ਤਾਂ ਜੱਗ ਪਰਵਾਰ ਵਿੱਚ।
ਪੁੰਨ ਦਾਨ ਕਰੀਂ ਨਾਲੇ ਮਾੜਿਆਂ ਦਾ ਪੱਖ ਕਰੀਂ,
'ਸ਼ਰਫ਼' ਨਾਲੇ ਲੱਗ ਜਾਵੀਂ ਪਾਪ ਦੇ ਸੁਧਾਰ ਵਿੱਚ।
+ਸ਼ੁੱਕਰ ਸਤਾਰਾ, ਜਿਦ੍ਹੇ ਨਾਲ ਨਾਚ ਤੇ ਰਾਗ ਦਾ ਸੰਬੰਧ ਹੈ।