ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੨੭੨ )
ਸੁੰਦਰ ਅੱਥਰੂ
ਹੰਝੂ ਓਸ ਮਾਹੀ ਦੇ ਪ੍ਯਾਰੇ,
ਫੇਰ ਗਏ ਨੇ ਦਿਲ ਤੇ ਆਰੇ।
ਡਿੱਗੇ ਨੇ ਇਹ ਹੰਝੂ ਪ੍ਯਾਰੇ,
ਯਾ ਅੰਬਰ ਤੋਂ ਟੁੱਟੇ ਤਾਰੇ?
ਲੜੀ ਦੰਦਾਂ ਦੀ ਜਦੋਂ ਪਰੋਤੀ,
ਯਾ ਏਹ ਓਦੋਂ ਵਧ ਗਏ ਮੋਤੀ?
ਯਾ ਏਹ ਦੋਵੇਂ ਸ਼ਮਸੀ ਹੀਰੇ,
ਚੜ੍ਹ ਚਰਖੀ ਤੇ ਗਏ ਨੇ ਚੀਰੇ।
ਆਹਲਣਿਆਂ ਚੋਂ ਮਾਰ ਉਡਾਰੀ,
ਖ਼ੁਮਰੇ ਗੈ ਯਾ ਬੰਨ੍ਹਕੇ ਤਾਰੀ?
ਯਾ ਨਰਗਸ ਦੇ ਅੰਦਰ ਡੁਬਕੇ,
ਡਿੱਗੇ ਹੈਨ ਤਰੇਲੀ ਤੁਬਕੇ।
ਯਾ ਦੋ ਭਰੇ ਗਲਾਸ ਗੁਲਾਬੀ,
ਪੀਣ ਲਗੇ ਸਨ ਪਕੜ ਸ਼ਰਾਬੀ ।
ਕਤਰਾ ਕਤਰਾ ਰੋੜ੍ਹ ਵਗਾਯਾ,
ਤਾਂ ਜੋ ਆਵੇ ਨਸ਼ਾ ਸਵਾਯਾ।
ਯਾ ਨਰਮੇ ਦੇ ਟੀਂਡੇ ਤਿੜਕੇ,
ਫੁੱਟੀ ਫੁੱਟੀ ਡਿੱਗੀ ਖਿੜ ਕੇ।