ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੨੯੩)
ਬੁੱਲ ਫੁੱਲ ਅਨਾਰ ਦੇ ਦੰਦ ਚੰਬਾ,
ਸੋਹਣੀ ਨਰਗਸੀ ਖੜੀ ਗੁਲਜ਼ਾਰ ਅੱਖੀਆਂ!
ਮਸਤ ਬੈਠੀਆਂ, ਹੁਸਨ ਦੇ ਫੁੱਲ ਉੱਤੇ,
ਖੰਭ ਭੌਰਿਆਂ ਵਾਂਗ ਖਿਲਾਰ ਅੱਖੀਆਂ!
ਜਿਵੇਂ ਹੁਸਨ ਜਵਾਨੀ ਦਾ ਰੂਪ ਹੋਏ,
ਤਿਵੇਂ ਹੁਸਨ ਦਾ ਹੈਨ ਸ਼ਿੰਗਾਰ ਅੱਖੀਆਂ!
ਚਿੱਟੀ ਚੀਰਨੀਂ ਦੁੱਧ ਦੀ ਨਹਿਰ ਨਿਕਲੀ,
ਚੀਰ ਚੀਰ ਆਂਦੀ ਕਾਲੀ ਧਾਰ ਅੱਖੀਆਂ!
ਸੁੰਦਰ ਬੇੜੀਆਂ ਤਰਦੀਆਂ ਆਬਨੂਸੀ,
ਠਾਠਾਂ ਮਾਰਵੇਂ ਹੁਸਨ ਵਿਚਕਾਰ ਅੱਖੀਆਂ!
ਸੁੰਦਰ ਜਾਦੂੜਾ ਘੱਤ ਕੱਜਲੇ ਦਾ,
ਜਾਦੂਗਰਨੀਆਂ ਕਰਨ ਖ਼ਵਾਰ ਅੱਖੀਆਂ!
ਪਕੜ ਪਕੜਕੇ ਚੰਦ ਇਹ ਦੂਜ ਵਾਲੇ,
ਕਿਧਰੇ ਕਰਨ ਕਮਾਨ ਤੱਯਾਰ ਅੱਖੀਆਂ!
ਤੀਰ ਪਲਕਾਂ ਦੇ ਇੱਕੋ ਨਿਗਾਹ ਅੰਦਰ,
ਕਰਨ ਸੀਨਿਓਂ ਪਾਰ ਹਜ਼ਾਰ ਅੱਖੀਆਂ?
ਧਾਰ ਸੁਰਮੇ ਦੀ, ਪੱਟ ਦੀ ਬਨੇ ਪੇਟੀ
ਬੰਨ੍ਹਣ ਲੱਕ ਦੇ ਨਾਲ ਤਲਵਾਰ ਅੱਖੀਆਂ!
ਜਾਲ ਰੇਸ਼ਮੀ, ਘੱਤਕੇ ਲਾਲ ਡੋਰੇ,
ਕਰਨ ਹਰਨ ਦੇ ਵਾਂਗ ਸ਼ਿਕਾਰ ਅੱਖੀਆਂ!
ਪਾਕ ਬੀਵੀਆਂ ਨੀਵੀਆਂ ਜਦੋਂ ਹੋਵਣ,
ਜਾਪਣ ਸ਼ਰਮ ਹਜ਼ੂਰ ਸਰਕਾਰ ਅੱਖੀਆਂ!