ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/323

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੦੧)

ਕਰਕੇ ਬੰਦ ਮੁਆਵਜ਼ਾ ਫੱਟੜਾਂ ਦਾ,
ਮੁਰਦਾ ਅੰਤ ਦੇ ਵਿੱਚ ਵੈਰਾਨ ਕੀਤਾ।
ਹੈਸਨ, ਕਾਲ-ਐਲਾਉਂਸ ਦੇ ਦੋ ਮਿਲਦੇ,
ਅੱਗੋਂ ਲਈ ਉਹ ਬੰਦ ਬਿਆਨ ਕੀਤਾ!
ਡਿਊਟੀ ਕਰ ਦਿੱਤੀ ਨਾਲੇ ਦਸ ਘੰਟੇ,
ਹਰ ਕੋਈ ਤੰਗ ਲੁਹਾਰ ਤਰਖਾਨ ਕੀਤਾ!
ਛੁੱਟੀ ਬਿਨਾਂ ਤਨਖਾਹ ਭੀ ਨਹੀਂ ਦਿੰਦੇ,
ਐਡੇ ਕਹਿਰ ਦਾ ਨਵਾਂ ਸਾਮਾਨ ਕੀਤਾ !
ਹੁੰਦੀ ਖ਼ਬਰ ਦੇ ਪਾਸ ਭੀ ਨਹੀਂ ਮਿਲਨੇ,
ਨੌਕਰ ਹੋਣ ਦਾ ਨਿੱਜ ਗੁਮਾਨ ਕੀਤਾ!
ਪੜ੍ਹੇ ਕੋਈ ਨਮਾਜ਼ ਨਾਂ ਕੰਮ ਅੰਦਰ,
ਇਹ ਮੈਨੇਜਰ ਨੇ ਕੱਲ ਫ਼ਰਮਾਨ ਕੀਤਾ!
ਮਾਰ ਲਿਆ ਹੈ ਸਾਈਕਲ ਐਲਾਉਂਸ ਨਾਲੇ,
ਬੜੇ ਦਿਨ ਇਹ ਐਤਕੀਂ ਦਾਨ ਕੀਤਾ!
ਅੱਗੋਂ ਵਾਸਤੇ ਰੇਟ ਘਟਾ ਦਿੱਤੇ,
ਇਹ ਭੀ ਮਰਦਿਆਂ ਅਸਾਂ ਪਰਵਾਨ ਕੀਤਾ!
ਡੈਮਫੂਲ ਦੇ ਗਲੇ ਵਿਚ ਹਾਰ ਪਾ ਪਾ,
ਸਭਨਾਂ ਕਿਰਤੀਆਂ ਦਾ ਆਦਰ ਮਾਨ ਕੀਤਾ!
ਗੱਲ ਗੱਲ ਤੇ ਠੁੱਡ ਦੀ ਢੁੱਡ ਵੱਜੇ,
ਵੈਰੀ ਢਿੱਡ ਨੇ ਪਸੂ ਇਨਸਾਨ ਕੀਤਾ!
'ਸ਼ਰਫ਼' ਐਸੀ ਗ਼ੁਲਾਮੀ ਨੂੰ ਕਰਾਂ ਸਦਕੇ,
ਆਦਮ ਜੂਨ ਨੂੰ ਜਿਨ੍ਹੇ ਕੁਰਬਾਨ ਕੀਤਾ!