ਪੰਨਾ:ਸੁਨਹਿਰੀ ਕਲੀਆਂ.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੯ )

ਜਿਵੇਂ ਆਦਮ ਨੂੰ ਜੱਨਤੋਂ ਕੱਢਿਆ ਸੀ,
ਤਿਵੇਂ ਮੈਂਨੂੰ ਉੱਛਲਕੇ ਕੱਢ ਦਿੱਤਾ !

ਪਿਆ ਮੂੰਧੜੇ ਮੂੰਹ ਮੈਂ ਕੰਢੜੇ ਤੇ,
ਸ਼ਾਨ ਰੱਬ ਦੀ ਹਿੱਲ ਨਾ ਸੱਕਨਾ ਹਾਂ !
ਖੱਸੇ ਹੋਏ ਉਹ ਉੱਡਣੇ ਖੰਭ ਮੇਰੇ,
ਪਿਆ ਮੂੰਹ ਜਨੌਰਾਂ ਦਾ ਤੱਕਨਾ ਹਾਂ !
ਕਿਨੂੰ ਕਹਾਂ ਮੈਂ ਕੀ ਸੀ ? ਬਣ ਗਿਆ ਕੀ ?
ਆਂਹਦਾ ਗਲ ਵੀ ਕਿਸੇ ਨੂੰ ਝੱਕਨਾਂ ਹਾਂ !
ਦੇਖ ਦੇਖਕੇ ਹੰਸਾਂ ਦੀ ਅੱਖ ਮੈਲੀ,
ਗੋਰੀ ਦੇਹ ਲੁਕਾਂਵਦਾ ਢੱਕਨਾ ਹਾਂ !

ਏਸੇ ਸਮੇਂ ਇੱਕ ਆਣਕੇ ਕਿਤੋਂ ਬੰਦਾ,
ਮੇਰੇ ਲੋਭ ਦੀ ਅੱਗ ਤੇ ਸਿਕਣ ਲੱਗਾ !
ਮੁੱਦਾ ਕੀ, ਕਿ ਮੈਂ ਬੇ-ਵਤਨ ਦੁਖੀਆ,
ਬਰਦਾ ਹੋ ਬਾਜ਼ਾਰ ਵਿਚ ਵਿਕਣ ਲੱਗਾ !

ਪਾਰੇ ਵਾਂਗ ਕੁਈ ਤੜਫ਼ਦਾ ਆਣ ਪਹੁੰਚਾ,
ਮੈਂਨੂੰ ਕੁਸ਼ਤਾ ਅਕਸੀਰ ਬਣਾਉਂਣ ਵਾਲਾ !
ਦੇਂਦਾ ਆ ਗਿਆ ਮੁੱਛਾਂ ਨੂੰ ਤਾ ਕੋਈ,
ਜੌਹਰ ਅੱਗ ਤੇ ਮੇਰੇ ਦਿਖਾਉਂਣ ਵਾਲਾ !
ਕਰਕੇ ਗਹਿਰੀਆਂ ਅੱਖੀਆਂ ਕੋਈ ਆਯਾ,
ਮੈਨੂੰ ਸੁਰਮੇਂ ਦੇ ਵਿੱਚ ਰਲਾਉਂਣ ਵਾਲਾ !
ਜੇਹੜਾ ਆਯਾ ਵਰੋਲੇ ਦੇ ਵਾਂਗ ਆਯਾ,
ਮੋਏ ਹੋਏ ਦੀ ਖ਼ਾਕ ਉਡਾਉਂਣ ਵਾਲਾ !