ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੩੪ )
ਹੱਥੋ ਪਾਈ ਪਰੇਮ ਦੀ ਵਿੱਚ ਯਾ ਤੂੰ,
ਮੋਤੀ ਟੁੱਟਿਆ ਸ਼ਾਮ ਦੇ ਹਾਰ ਦਾ ਏਂ ?
ਯਾ ਤੂੰ ਰੈਨ ਦੇ ਕੁਲਫ਼ੀ ਦੁਪੱਟੜੇ ਤੋਂ,
ਅਬਰਕ ਝੜ ਡਿੱਗਾ ਚਮਕਾਂ ਮਾਰਦਾ ਏਂ ?
ਰਿੜ੍ਹੇਂ ਖਿੜ੍ਹੇਂ ਟਪੋਸੀਆਂ ਲਾ ਲਾ ਕੇ,
ਫਿਰੇਂ ਖੰਬੜੀ ਖੰਬੜੀ ਫੋਲਦਾ ਤੂੰ !
ਫੁੱਲਾਂ ਵਿੱਚ ਹੈ ਕੌਣ ਓਹ ਲੁਕਣ ਵਾਲਾ,
ਜਿਨ੍ਹੂੰ ਏਕਣਾਂ ਨਾਲ ਹੈਂ ਟੋਲਦਾ ਤੂੰ ?'
ਲੱਗਾ ਕਹਿਣ ਓਹ 'ਖੋਲ੍ਹਕੇ ਕੀ ਦੱਸਾਂ,
ਪਾਈਆਂ ਕਿਸੇ ਨੇ ਐਸੀਆਂ ਫਾਹੀਆਂ ਨੇ !
ਹੋਇਆ ਵੇਖ ਹਿਮਾਲਾ ਦਾ ਮੂੰਹ ਬੱਗਾ,
ਜੋ ਜੋ ਔਕੜਾਂ ਸਖ਼ਤ ਨਿਬਾਹੀਆਂ ਨੇ !
ਕੱਛੇ ਹੋਏ ਨੇ ਸੱਤੇ ਅਸਮਾਨ ਮੇਰੇ,
ਸੱਤੇ ਧਰਤੀਆਂ ਮੇਰੀਆਂ ਗਾਹੀਆਂ ਨੇ !
ਉਨਾਂ ਕੋਲੋਂ ਤੂੰ ਵਾਪਰੀ ਪੁੱਛ ਮੇਰੀ,
ਸੂਰਜ ਚੰਦ ਦੋ ਸਾਫ਼ ਗਵਾਹੀਆਂ ਨੇ !
ਚਿੱਪਰ ਸ਼ੀਸ਼ੇ ਦੀ *ਜਮ ਦਾ ਜਾਮ ਸਮਝਾਂ,
ਜਲਵੇ ਜੱਗ ਦੇ ਮੇਰੇ ਵਿਚ ਭਰੇ ਹੋਏ ਨੇ !
ਮੈਂਨੂੰ ਪਾਣੀ ਦੀ ਬੂੰਦ ਨ ਸਮਝ ਬੈਠੀਂ,
ਮੈਂ ਤਾਂ ਸੱਤੇ ਸਮੁੰਦਰ ਈ ਤਰੇ ਹੋਏ ਨੇ !
- ਜਮ ਦਾ ਜਾਮ-ਜਮਸ਼ੈਦ ਪਾਤਸ਼ਾਹ ਦਾ ਪਿਆਲਾ ।