ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੩੫)
ਵੇਂਹਦਾ ਮਜਨੂੰ ਦੇ ਇਸ਼ਕ ਨੂੰ +ਨਜਦ ਅੰਦਰ,
ਮੈਂ ਉਹ ਲੇਲੀ ਦਾ ਹੁਸਨ ਕਮਾਲ ਡਿੱਠਾ !
ਚਿਮਟਾ ਕੱਢਦਾ ਰਾਂਝੇ ਜਿਹੇ ਜੋਗੀਆਂ ਦਾ,
ਲੱਖ ਲੱਖ ਅਲੱਖ ਦਾ ਤਾਲ ਡਿੱਠਾ !
ਪੁਰਜ਼ੇ ਪੁਰਜ਼ੇ ਹੁੰਦਾ ਬੇੜਾ ਸੋਹਣੀ ਦਾ,
ਤੇਜ਼ ਕੈਂਚੀਆਂ ਲਹਿਰਾਂ ਦੇ ਨਾਲ ਡਿੱਠਾ !
ਬੈਠੀ ਡਾਚੀ ਦੇ ਖੁਰੇ ਤੇ ਰੋਂਵਦੀ ਸੀ,
ਮੈਂ ਇਹ ਰਾਤ ਦੀ ਵਿਆਹੀ ਦਾ ਹਾਲ ਡਿੱਠਾ !
ਪ੍ਰੀਤਮ ਵਾਸਤੇ ਘਾਟੇ ਨੂੰ ਲਾਹਾ ਸਮਝਨ,
ਡਿੱਠੀ ਰੀਤ ਪਰੀਤ ਦੇ ਦਾਨਿਆਂ ਦੀ !
ਛੱਡ ਮਹਿਲ ਜ਼ੁਲੈਖਾਂ ਦੇ ਵਾਂਗ ਕਈਆਂ,
ਪਾ ਲਈ ਰਾਹ ਅੰਦਰ ਝੁੱਗੀ ਕਾਨਿਆਂ ਦੀ !
ਵੇਖੇ ਹੈਣ ਮੈਂ ਭੀ ਪ੍ਰਹਿਲਾਦ ਵਰਗੇ,
ਕਿਸੇ ਪਿਆਰੇ ਦੇ ਨਾਮ ਨੂੰ ਜਪਣ ਵਾਲੇ !
ਠੰਢੇ ਹੋਏ ਮਰਦਾਨੇ ਦੇ ਲਈ ਵੇਖੇ,
ਤੇਲ ਕਿਸੇ ਦੀ ਯਾਦ ਵਿੱਚ ਤਪਣ ਵਾਲੇ !
ਪੰਡ ਕਿਸੇ ਦੇ ਪਿਆਰ ਦੀ ਚੁੱਕ ਸਿਰ ਤੇ,
ਬਾਲਕਪਨ ਅੰਦਰ ਵੇਖੇ ਖਪਣ ਵਾਲੇ !
ਸੂਹ ਕਿਸੇ ਦੀ ਅੰਬਰਾਂ ਤੀਕ ਲੈਂਦੇ,
ਵੇਖੋ ਤਾਰਿਆਂ ਵਿਚ ਮੈਂ ਛਪਣ ਵਾਲੇ !
+ਇਕ ਪਹਾੜੀ ਦਾ ਨਾਮ ਹੈ ਜਿੱਥੇ ਮਜਨੂੰ ਪਾਗ਼ਲ ਹੋਕੇ ਜਾ ਬੈਠਾ ਸੀ।