ਪੰਨਾ:ਸੁਨਹਿਰੀ ਕਲੀਆਂ.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੬)

ਡਿੱਠੇ ਕਿਸੇ ਦੇ ਹੁਸਨ ਦੀ ਖਿੱਚ ਦੇ ਮੈਂ,
ਦਿੱਤੇ ਠੁੰਮਣੇ ਅੰਬਰਾਂ ਧਰਤੀਆਂ ਨੂੰ !
ਵਿਕਦਾ ਵੇਖਿਆ ਕਿਸੇ ਦੇ ਨਾਮ ਉੱਤੇ,
ਅੱਗੇ ਚੂਹੜਿਆਂ ਦੇ ਚੱਕਰਵਰਤੀਆਂ ਨੂੰ !

ਡਿਠੇ ਕਿਸੇ ਦੇ ਜਲਵੇ ਦੀ ਸ਼ਮਾਂ ਉੱਤੇ,
ਕੋਹਤੂਰ ਜਿਹੇ ਸੜੇ ਪਤੰਗ ਹੋਕੇ !
ਉੱਡੇ ਖੰਜਰ ਪਿਆਰੇ ਦੀ ਡੋਰ ਉੱਤੇ,
ਸਰਮੱਦ ਜਿਹਾਂ ਦੇ ਸੀਸ ਪਤੰਗ ਹੋਕੇ !
ਕਿਸੇ ਪਰਦਾ ਨਸ਼ੀਨ ਦੀ +ਵੀਹ ਅੰਦਰ,
ਪੁੱਜੇ ਏਕਣਾਂ ਕਈ ਮਲੰਗ ਹੋਕੇ !
ਚੋਲਾ ਖੱਲ ਦਾ ਲਾਹ ਕੇ ਤਨ ਉੱਤੋਂ,
ਬੈਠੇ ਸਾਮ੍ਹਣੇ ਨੰਗ ਧੜੰਗ ਹੋਕੇ !

ਡਿਗਕੇ ਕੰਡੇ ਦੀ ਚੁੰਝ ਤੇ-ਕਹਿਣ ਲੱਗਾ,
ਕਰੜੇ ਜ਼ੁਲਮ ਵੇਖੇ ਦੇਹੀਆਂ ਕੂਲੀਆਂ ਤੇ ?
ਜਿਹੜੇ 'ਸ਼ਿਬਲੀ' ਦਾ ਫੁੱਲ ਨ ਸਹਿ ਸੱਕੇ,
ਏਦਾਂ ਚੜ੍ਹੇ ਓਹ ਕਿਸੇ ਲਈ ਸੂਲੀਆਂ ਤੇ !

ਨੈਣ ਕਿਸੇ ਪਿਆਰੇ ਦੇ ਹੈਣ ਐਸੇ,
ਮਿਕਨਾਤੀਸ ਵਾਂਗੂੰ ਖਿੱਚ ਪਾਉਂਣ ਵਾਲੇ !
ਦੇਖ *'ਪ੍ਰੇਮ-ਪਟਾਰੀ' ਵਿੱਚ ਫੁੱਲ ਲੈਕੇ,
ਆਏ 'ਗ਼ਜ਼ਨੀਓਂ' ਭੇਟ ਚੜ੍ਹਾਉਂਣ ਵਾਲੇ !


+ਗਲੀ । *ਭਾਈ ਨੰਦ ਲਾਲ ਜੀ 'ਗੋਯਾ' ਗ਼ਜ਼ਨੀ ਸ਼ਹਿਰ ਦੇ ਵਾਸੀ ।