ਪੰਨਾ:ਸੁਨਹਿਰੀ ਕਲੀਆਂ.pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੪੬ )

ਏਸ ਸਾਂਵਲੀ ਸਾਂਵਲੀ ਇਸਤ੍ਰੀ ਨੇ,
ਜਾਦੂ ਜੱਗ ਤੇ ਇਸ ਤਰ੍ਹਾਂ ਪਾ ਲਿਆ ਏ!
ਜਿਵੇਂ ਇੰਦਰ ਨੂੰ ਜ਼ੁਲਫ਼ ਸੁੰਘਕੇ ਤੇ,
ਨੀਲਮ ਪਰੀ ਨੇ ਮਸਤ ਬਣਾ ਲਿਆ ਏ!
ਲਟਬਾਵਰੀ ਕੋਲੋਂ ਦੀ ਸ਼ਾਹੀ ਕੀਤੀ,
ਖੋਲ ਖੋਲਕੇ ਲਿਟਾਂ ਖਿਲਾਰੀਆਂ ਨੇ!
ਐਰੀ ਐਰਾਂ ਦਾ ਕੱਜਲਾ ਸ਼ਾਮ ਲੈਕੇ,
ਮਸਤ ਨੈਣਾਂ ਵਿੱਚ ਖਿੱਚੀਆਂ ਧਾਰੀਆਂ ਨੇ!
ਟਾਵੇਂ ਟਾਵੇਂ ਤਾਰਿਆਂ ਲਿਸ਼ਕ ਮਾਰੀ,
ਯਾ ਏ ਦੀਵੇ ਅਸਮਾਨ ਤੇ ਜਗ ਪਏ ਨੇ!
ਊਦੀ ਕਾਸ਼ਨੀ ਨੀਲੀ ਜ਼ਮੀਨ ਉੱਤੇ,
ਯਾ ਏ ਹੀਰਿਆਂ ਦੇ ਡਿੱਗੇ ਨਗ ਪਏ ਨੇ!
ਮੋਟੇ ਮੋਟੇ ਗਲੇਡੂ ਵਗਾਕੇ ਯਾ,
ਅੰਬਰ ਹੁਰੀ ਬੁਝਾਂਵਦੇ ਅੱਗ ਪਏ ਨੇ!
ਨਿਕਲਨ ਲੱਗੀ ਭੜਾਸ ਜ਼ਮੀਨ ਦੀ ਭੀ,
ਸੀਨੇ ਦੋਹਾਂ ਦੇ ਹੁਣ ਠਰਨ ਲਗ ਪਏ ਨੇ!
ਲੱਗੇ ਮਾਨਣ ਸੁਹਾਗ ਦੀ ਰਾਤ ਕੋਈ,
ਭਾ ਕਈਆਂ ਦੇ ਬਿਰਹੋਂ ਦਾ ਸੋਗ ਹੋਇਆ!
ਏਧਰ ਰਾਤ ਤੇ ਦਿਨ ਨੇ ਪਾਈ ਜੱਫੀ,
ਚਕਵੇ ਚਕਵੀ ਨੂੰ ਓਧਰ ਵਿਯੋਗ ਹੋਇਆ!