ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/70

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੦ )

ਪਾਈ ਠੰਢ ਬਹਿੱਸ਼ਤਾਂ ਦੀ ਹਰ ਐਸੀ,
ਸੁਰਜ ਵਾਲਾ ਵੀ ਠੰਢਾ ਤਨੁਰ ਕੀਤਾ!
ਸ਼ੋਖ਼ ਅੱਖ ਵਿਖਾਲਕੇ- ਚੰਦ ਚਾਤਰ,
ਲੁੱਟੀ ਹੋਸ਼ ਅਸਮਾਨ ਤੇ ਸਾਰਿਆਂ ਦੀ!
ਟੇਢੀ ਕਿਰਨਾਂ ਦੀ ਪਕੜ ਸਤਾਰ, ਬਾਂਕੀ,
ਮੱਧਮ ਕੀਤੀ ਸੀ ਲੋਅ ਸਤਾਰਿਆਂ ਦੀ
ਐਡੀ ਤਬਾ ਦੀ ਤੇਜ਼ ਲਡਿੱਕੜੀ, ਇਹ
ਜਾ ਜਾ ਪਾਣੀ ਦੇ ਜਿਗਰ ਵਿੱਚ ਧੱਸਦੀ ਸੀ!
ਐਡੀ ਏ-ਪਰਵਾਹ-ਸਿਰ-ਲੱਥ ਚੈਂਚਲ,
ਪਈ ਹੁਸਨ ਵਾਲੇ ਨਖ਼ਰੇ ਦੱਸਦੀ ਸੀ!
ਐਡੀ ਲਾਜਵੰਤੀ-ਰੂਹ ਸਤਰ ਵਾਲੀ,
ਸੂਰਜ ਦੇਵਤੇ ਤੋਂ ਡਰਦੀ ਨੱਸਦੀ ਸੀ!
ਖਹਿੰਦੀ ਜਾਂਦੀ ਸੀ ਬੁਟਿਆਂ ਨਾਲ ਕਿਧਰੇ,
ਕਿਤੇ ਛੇੜਦੀ ਨਿਆਂ ਕਾਹੀਆਂ ਨੂੰ!
ਕਿਤੇ ਮਕਰ ਦਾ ਜਾਲ ਖਿਲਾਰਕੇ ਤੇ,
ਫਾਹੁੰਦੀ ਪਈ ਸੀ ਭੋਲਿਆਂ ਰਾਹੀਆਂ ਨੂੰ!
ਠੰਢੇ-ਠਾਰ ਫੁਹਾਰੇ ਨੇ ਅੰਬਰਾਂ ਤੋਂ,
ਛੱਟ ਮਾਰ ਸੰਸਾਰ ਨਿਹਾਲ ਕੀਤਾ!
ਜਿਹੜਾ ਪਿਆਰਾ ਸੀ ਪਿਆਰੇ ਦੇ ਕੋਲ ਬੈਠਾ,
ਓਹਨੂੰ ਖੁਸ਼ੀ ਅੰਦਰ ਮਾਲਾਮਾਲ ਕੀਤਾ!
ਜਿਹੜਾ ਅੱਗੇ ਵਿਛੋੜੇ ਦਾ ਮਾਰਿਆ ਸੀ,
ਬੁਰਾ ਓਸਦਾ ਏਸ ਨੇ ਹਾਲ ਕੀਤਾ!