ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/78

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

( ੫੮ )

ਫੁੱਲ

ਫੁੱਲ ਨੂੰ ਸਵੇਰੇ ਅੱਜ ਬਾਗ਼ ਵਿੱਚ ਆਖਿਆ ਮੈਂ,
'ਤੇਰੇ ਜਹੀ ਨਾਂ ਜੱਗ ਵਿੱਚ ਕਿਸੇ ਤੇ ਬਹਾਰ ਹੋਵੇ!'
ਵਾ ਨਾਲ ਹਿੱਲ ਫੁੱਲ ਹੰਝੂ ਕੇਰ ਤ੍ਰੇਲ ਵਾਲੇ,
ਕਹਿਣ ਲੱਗਾ 'ਸੁਣ:-ਸ਼ੁਰੂ ਦੁੱਖਾਂ ਵਾਲੀ ਵਾਰ ਹੋਵੇ!
ਜੰਮ ਅਜੇ ਚੁੱਕਦਾ ਨਹੀਂ ਸੁੱਕਦਾ ਨਹੀਂ ਨੀਰ ਮੇਰਾ,
ਸੇਜ ਪਹਿਲੋਂ ਕੰਡਿਆਂ ਦੀ ਮੇਰੇ ਲਈ ਤਿਆਰ ਹੋਵੇ!
ਤੈਨੂੰ ਓਦੋਂ ਸੁੱਤਿਆ ਵਿਗੁੱਤਿਆਂ ਨਹੀਂ ਹੋਸ਼ ਹੁੰਦੀ,
ਧੱਮੀ ਵੇਲੇ ਧੱਫਿਆਂ ਦੀ ਜਦੋਂ ਮੈਂਨੂੰ ਮਾਰ ਹੋਵੇ!
ਧੱਫਿਆਂ ਦੇ ਨਾਲ ਹੋਵੇ ਵਾਲ ਵਾਲ ਲਾਲ ਮੇਰਾ,
ਸੋਹਲ ਤੇ ਮਲੂਕ ਪਿੰਡੇ ਖਾਰ ਨਾ ਸਹਾਰ ਹੋਵੇ!
ਜੇ ਮੈਂ ਭੁੱਲਾਂ ਹਿੱਲਾਂ ਜੁੱਲਾਂ ਐਧਰ ਓਧਰ ਜ਼ਰਾ ਹੋਵਾਂ,
ਅੱਗੋਂ ਨੇਜ਼ਾ ਮਾਰਨ ਨੂੰ ਤਿਆਰ ਪਹਿਰੇਦਾਰ ਹੋਵੇ!
ਫਿੱਤੀ ਫਿੱਤੀ ਜਦੋਂ ਹੋਵਾਂ ਲੋਕੀ ਆਖਣ ਹੱਸਦਾ ਏ,
ਵਿੱਚੋਂ ਮੇਰਾ ਦਿਲ ਪਿਆ ਰੋਂਦਾ ਜ਼ਾਰੋ ਜ਼ਾਰ ਹੋਵੇ!
ਹੋਸ਼ ਨਾਂ ਸੰਭਾਲਾਂ, ਤੁਰਤ ਆਸ਼ਕਾਂ ਦੇ ਜੱਥੇ ਲੱਥਣ,
ਲੈਕੇ ਚੁੰਝਾਂ ਤਿੱਖੀਆਂ ਨੂੰ ਤੇਜ਼ ਜਿਵੇਂ ਆਰ ਹੋਵੇ!
ਲਾਹੁਣ ਪਾਣਪਤ, ਪਤ ਰੋਲ ਤੇ ਘਚੋਲ ਛੱਡਣ,
ਮੇਰੀ ਮੌਤ, ਓਨ੍ਹਾਂ ਦਾ ਇਹ ਲਾਡ ਤੇ ਪਿਆਰ ਹੋਵੇ!