(੫੯)
ਕਾਲੇ ਮੂੰਹ ਵਾਲੇ ਨਾਲੇ ਆਣ ਕਈ ਦਵਾਲੇ ਹੁੰਦੇ,
ਰੂਪ ਚੂਪ ਲੈਂਦੇ ਜੇਹੜਾ ਜੋਬਨ ਦਾ ਸ਼ਿੰਗਾਰ ਹੋਵੇ!
ਸੂਰਜ ਜੇਹਾ ਸੂਰਮਾ ਵੀ ਮੇਰੇ ਤੇ ਚੜ੍ਹਾਈ ਕਰੇ,
ਨਾਲ ਨੇਜ਼ੇ ਵਾਲਿਆਂ ਦੀ ਫ਼ੌਜ ਬੇਸ਼ੁਮਾਰ ਹੋਵੇ!
ਰਚ ਰਚ ਔਕੜਾਂ ਦੇ ਵਿੱਚ ਜੇ ਮੈਂ ਬਚ ਜਾਵਾਂ,
ਅੱਗੋਂ ਸੁਣੀਂ ਹੋਰ ਮੇਰੇ ਨਾਲ ਕੀ ਕੀ ਕਾਰ ਹੋਵੇ!
ਤੋੜਕੇ ਫੁਲੇਰਾ ਮੇਰਾ ਸੀਨਾ ਸੂਈ ਨਾਲ ਵਿੱਨ੍ਹੇ,
ਹਾਰ ਜਾਂਦੇ ਲੇਖ ਜਦੋਂ ਫੇਰ ਮੇਰਾ ਹਾਰ ਹੋਵੇ!
ਇੱਕੋ ਰਾਤ ਮੌਜ ਮਾਣੀ ਗਲੇ ਕਿਸੇ ਲਾ ਲਿਆ ਜੇ,
ਦਿਨੇ ਫੇਰ ਰੂੜੀਆਂ ਤੇ ਮਿੱਟੀ ਪਈ ਖ਼ਵਾਰ ਹੋਵੇ!
ਜਦੋਂ ਜਾਵਾਂ ਸੁੱਕ ਤੇ ਕੋਈ ਥੁੱਕਦਾ ਨਹੀਂ ਮੂੰਹ ਉੱਤੇ
ਓਦੋਂ ਮੇਰਾਂ ਚੁੱਕਣਾ ਭੀ ਮਣਾਂ ਮੂੰਹੀ ਭਾਰ ਹੋਵੇ!
ਏਥੋਂ ਭੀ ਜੇ ਬਚ ਜਾਵਾਂ ਪਾਵਾਂ ਹੋਰ ਦੁੱਖ ਬਹੁਤੇ,
ਹੋਵਾਂ ਫੱਟੀ ਹੱਟੀ ਦੀ ਤੇ ਸਾਹਮਣੇ ਅਤਾਰ ਹੋਵੇ!
ਡੋਬ ਮੈਂਨੂੰ ਪੈਣ ਜਦੋਂ ਰੂਹ ਮੇਰਾ ਖਿੱਚਦੇ ਨੇ,
ਮੈਂ ਤੇ ਹੋਵਾਂ ਗ਼ਰਕ ਮੇਰਾ ਅਰਕ਼ ਅੰਮ੍ਰਿਤਧਾਰ ਹੋਵੇ!
ਬੰਦ ਬੰਦ ਗਾਲ ਦੇਂਦੇ ਤਾਂ ਮੈਂ ਗੁਲਕੰਦ ਹੋਵਾਂ,
ਹੁੰਦੀ ਏ ਬੀ -ਮਾਰ ਜਦੋਂ ਰਾਜ਼ੀ ਤਾਂ ਬੀਮਾਰ ਹੋਵੇ!
ਦੱਸਾਂ ਤੈਨੂੰ ਅਤਰ ਮੇਰਾ ਕੇਹੜੇ ਵੱਤਰ ਨਾਲ ਕੱਢਣ,
ਹੇਠਾਂ ਮੇਰੇ ਨਰਕ ਵਾਲੀ ਬਾਲੀ ਹੋਈ ਨਾਰ ਹੋਵੇ!
ਕੰਡੇ ਮੁਸ਼ਟੰਡੇ ਬੁਰੇ ਛੁਰੇ ਨੂੰ ਕੋਈ ਛੇੜਦਾ ਨਾਂ,
'ਸ਼ਰਫ਼' ਮੇਰੇ ਵਰਗਿਆਂ ਤੇ ਜ਼ੁਲਮ ਕਈ ਹਜ਼ਾਰ ਹੋਵੇ!