ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
(੬੦)
ਕੰਡਾ
ਰਹਿਕੇ 'ਕੱਠਿਆਂ ਬਾਗ਼ ਦੇ ਵਿੱਚ ਫੁੱਲਾ,
ਵਾਹ ਏਹ ਚੰਗੀਆਂ ਯਾਰੀਆਂ ਘੋਲੀਆਂ ਨੀ!
ਸੋਣ੍ਹਾ ਦਿੱਤਾ ਈ ਭਤਕਰਾ ਰਾਖੀਆਂ ਦਾ,
ਭਾਂਤ ਭਾਂਤ ਦੀਆਂ ਬੋਲੀਆਂ ਬੋਲੀਆਂ ਨੀ!
ਤੁਬਕੇ ਸੁੱਟ ਤਰੇਲ ਦੇ ਸੜੇ ਹੋਏ,
ਹਾਇ ਇਹ ਸੀਨੇ ਵਿੱਚ ਮਾਰੀਆਂ ਗੋਲੀਆਂ ਨੀ।
ਰੰਗ ਰੱਤਿਆ ਜੋਬਨਾਂ ਮੱਤਿਆ ਓ,
ਮੇਰੇ ਖ਼ੂੰਨ ਵਿੱਚ ਖੇਡੀਆਂ ਹੋਲੀਆਂ ਨੀ!
ਬਦਲੇ ਦੁੱਧ ਦੇ ਲਹੂ ਚੁੰਘਾ ਕੇ ਤੇ,
ਤੈਨੂੰ ਪਾਲਿਆ ਪੋਸਿਆ, ਘੁੰਨਿਆਂ ਓ!
ਅਜ ਤੂੰ ਵਾਂਗ ਕੋਲੇ ਲਾਲੋ ਲਾਲ ਹੋਕੇ,
ਮੇਰੇ ਜਿਗਰ ਕਲੇਜੇ ਨੂੰ ਭੁੰਨਿਆਂ ਓ!
ਚਾਕਰ ਮੁੱਢ ਕਦੀਮ ਦਾ ਮੈਂ ਤੇਰਾ,
ਕੁੱਛੜ ਚੁੱਕਕੇ ਤੈਂਨੂੰ ਖਿਡਾਉਂਣ ਵਾਲਾ!
ਤੇਰੇ ਵੱਲ ਜੇ ਉਂਗਲੀ ਕਰੇ ਕੋਈ,
ਓਹਦੇ ਲਹੂ ਦੇ ਵਿੱਚ ਹਾਂ ਨ੍ਹਾਉਂਣ ਵਾਲਾ!
ਮੇਰੇ ਜਿਊਂਦਿਆਂ ਬਾਗ਼ ਦੇ ਵਿੱਚ ਤੈਂਨੂੰ,
ਕੇਹੜਾ ਜੰਮਿਆਂ ਏ ਹੱਥ ਲਾਉਂਣ ਵਾਲਾ!