ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੪)

ਬਸੰਤ

ਦਰਜਾ ਯਾਰ ਦਾ ਵੱਧ ਭਰਾ ਕੋਲੋਂ,
ਲੋਕੀ ਆਖਦੇ ਹੈਨ ਜਹਾਨ ਅੰਦਰ!
ਬਿਪਤਾ ਭੀੜ ਅੰਦਰ ਯਾਰ ਕੰਮ ਆਵੇ
ਯਾਰ ਨਿੱਤਰੇ ਰਣ ਮੈਦਾਨ ਅੰਦਰ!
ਹੋਵੇ ਯਾਰ ਤਲਵਾਰ ਹਮੈਤ ਵਾਲੀ,
ਸੱਚੇ ਪਿਆਰ ਦੀ ਸੁੰਦਰ ਮਿਆਨ ਅੰਦਰ!
ਅੰਮਾਂ ਜਾਏ ਭਰਾ ਸ਼ਰੀਕ ਹੁੰਦੇ,
ਦੁਨੀਆਂ ਦਸਦੀ ਪਈ ਅਖਾਨ ਅੰਦਰ!

ਬੇਸ਼ਕ ਹੋਣਗੇ ਜੱਗ ਤੇ ਯਾਰ ਲੱਖਾਂ,
ਅਸਲੇ ਵਾਲੜਾ ਕੋਈ ਕਹਾਂਵਦਾ ਏ!
ਕਤਰੇ ਵੱਸਦੇ ਰਹਿਣ ਬੇਅੰਤ ਜਿਵੇਂ,
ਮੋਤੀ ਕਿਸੇ ਨੂੰ ਰੱਬ ਬਣਾਂਵਦਾ ਏ!

ਏਸੇ ਤਰ੍ਹਾਂ ਦਾ ਹੈ ਇੱਕ ਯਾਰ ਮੇਰਾ,
ਸੈਆਂ ਯਾਰਾਂ ਚੋਂ ਇੱਕ ਕਹੌਣ ਵਾਲਾ!
ਦੁੱਖ ਭੀੜ ਦੇ ਵਿੱਚ ਭਿਆਲ ਸਾਵਾਂ,
ਮੇਰੇ ਮੁੜ੍ਹਕੇ ਤੇ ਰੱਤ ਵਗੌਣ ਵਾਲਾ!