ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੬੫ )
ਆਕੇ ਕਿਸੇ ਖ਼ਿਆਲ ਦੇ ਸੱਪ ਜ਼ਹਿਰੀ,
ਓਹਦੇ ਕਾਲਜੇ ਨੂੰ ਐਸਾ ਡੰਗ ਦਿੱਤਾ!
ਤੜਫ਼ ਤੜਫ਼ ਕੇ ਓਸ ਮਲੂਕੜੀ ਨੇ,
ਤੋੜ ਕੱਚ ਵਾਂਗੂ ਅੰਗ ਅੰਗ ਦਿੱਤਾ!
ਮਾਰ ਮਾਰਕੇ ਟੱਕਰਾਂ ਜੋਸ਼ ਅੰਦਰ,
ਨਾਲ ਖ਼ੂਨ ਦੇ ਪਿੰਜਰਾ ਰੰਗ ਦਿੱਤਾ!
ਟੱਪ ਟੱਪਕੇ ਵਹਿਸ਼ਣਾਂ ਵਾਂਗ ਓਨ੍ਹੇ,
ਕਈਆਂ ਤੀਲੀਆਂ ਤੇ ਪੋਸ਼ ਟੰਗ ਦਿੱਤਾ!
ਸੁੱਕੀ ਕਲੀ ਦੀ ਖੰਬੜੀ ਜਾਪਦੀ ਸੀ,
ਸਹਿਕ ਸਹਿਕ ਕੇ ਓਹਦੀ ਜ਼ਬਾਨ ਨਿਕਲੀ!
ਨਾਂ ਤੇ ਪਿੰਜਰੇ ਵਿੱਚੋਂ ਓਹ ਨਿਕਲ ਸੱਕੀ,
ਨਾ ਹੀ ਪਿੰਜਰੇ ਵਿੱਚੋਂ ਓਦ੍ਹੀ ਜਾਨ ਨਿਕਲੀ!
ਆ ਗਈ ਉੱਡਕੇ ਓਸ ਥਾਂ ਇੱਕ ਮੱਖੀ,
ਬੜੇ ਰੋਹ ਦੇ ਨਾਲ ਸਮਝੌਣ ਲੱਗੀ:-
'ਨਿੱਜ ਜੰਮੀਏਂ ਤੱਤ ਕਰੱਮੀਏਂ ਨੀ,
ਕਾਹਨੂੰ ਇਸ਼ਕ ਨੂੰ ਲਾਜ ਹੈਂ ਲੌਣ ਲੱਗੀ?
ਮਰਕੇ ਆਪਣੇ ਆਪ ਹਰਾਮ ਮੌਤੇ,
ਗਲੇ ਫਾਹ ਕਿਆਮਤ ਦਾ ਪੌਣ ਲੱਗੀ!
ਤੇਰੇ ਜਹੇ ਕਈ ਹੋਰ ਵੀ ਹੈਨ ਆਸ਼ਕ,
ਨੀ ਤੂੰ ਨਵਾਂ ਨਹੀਂ ਇਸ਼ਕ ਕਮੌਣ ਲੱਗੀ!