ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੭੪ )
ਆਂਡੇ ਦਿੱਤੇ ਬੱਚੇ ਹੋਏ,
ਮਾਂ ਗਈ ਚੋਗੇ ਜਦ ਓਹ ਰੋਏ!
ਪੱਤਾ ਪੱਤਾ ਫੜ ਖੜਕਾਯਾ,
ਲੋਰੀ ਦਿੱਤੀ ਗਿੱਧਾ ਪਾਯਾ!
ਕੁਦਰਤ ਕੀਤਾ ਐਸਾ ਹੀਲਾ,
ਬਣਿਆ ਓੜਕ ਰੁੱਖ ਰੰਗੀਲਾ!
ਦਿੱਤੀ ਐਸੀ ਮੱਤ ਖ਼ੁਦਾ ਨੇ,
ਖੋਲ੍ਹੇ ਓਹਨੇ ਫ਼ੈਜ਼ ਖਜ਼ਾਨੇ!
ਫੁੱਲ ਖਿੜਾਏ ਐਸੇ ਮਿੱਠੇ,
ਸੋਮੇਂ ਸ਼ਹਿਦ ਜਿਨ੍ਹਾਂ ਵਿਚ ਡਿੱਠੇ!
ਭੌਰ ਗਿਆ ਤੇ ਮੱਖੀ ਆਈ,
ਇੱਕ ਤੁਰਾਯਾ ਇੱਕ ਬਹਾਈ!
ਵਧ ਵਧ ਦੋਂਹ ਦੀ ਟਹਿਲ ਕਮਾਈ,
ਉਹਨੂੰ ਅਤਰ ਓਹਨੂੰ ਮਠਿਆਈ!
ਫਲ ਹਰੇ ਜਾਂ ਉੱਤੇ ਆਏ,
ਆਣ ਜਨੌਰਾਂ ਝੁਰਮਟ ਪਾਏ!
ਲੈ ਕਿਰਨਾਂ ਤੋਂ ਰੰਗ ਰੰਗੀਲੇ,
ਕੀਤੇ ਸਾਰੇ ਰੱਤੇ ਪੀਲੇ!
ਪੱਕੇ ਗੁੱਛੇ ਲਟਕਣ ਮੇਵੇ,
ਜਿਹੜਾ ਆਵੇ ਓਹਨੂੰ ਦੇਵੇ!
ਦੁੱਖਾਂ ਅੰਦਰ ਖੁਸ਼ੀ ਕਰੇਂਦਾ,
ਇੱਟਾਂ ਖਾਂਦਾ, ਮੇਵਾ ਦੇਂਦਾ!